Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਡਾ. ਬਲਦੇਵ ਸਿੰਘ ਢਿੱਲੋਂ ਨੂੰ ਪਦਮ ਸ੍ਰੀ ਮਿਲਣ ਤੇ ਮੁਬਾਰਕਾਂ ਦੀ ਝੜੀ
26-01-2019 Read in English

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੂੰ ਪਦਮ ਸ੍ਰੀ ਸਨਮਾਨ ਦੇ ਐਲਾਨ ਨਾਲ ਪੀਏਯੂ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ ਹੈ। ਪੀਏਯੂ ਦੇ ਪ੍ਰਬੰਧਕੀ ਬੋਰਡ, ਅਫਸਰ ਸਾਹਿਬਾਨ, ਫੈਕਲਟੀ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨੇ ਡਾ. ਢਿੱਲੋਂ ਨੂੰ ਅੱਜ ਇਥੇ ਮੁਬਾਰਕਾਂ ਪੇਸ਼ ਕੀਤੀਆਂ। ਡਾ. ਢਿੱਲੋਂ ਇਥੇ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਵਜੋਂ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਆਏ ਹੋਏ ਸਨ। ਇਸ ਸਨਮਾਨ ਦਾ ਐਲਾਨ ਪਿਛਲੀ ਰਾਤ 25 ਜਨਵਰੀ ਨੂੰ ਭਾਰਤ ਸਰਕਾਰ ਵੱਲੋਂ ਆਪਣੀ ਵੈੱਬਸਾਈਟ ਤੇ ਦੇਰ ਰਾਤ ਕੀਤਾ ਗਿਆ।

ਜੂਨ 2011 ਤੋਂ ਪੀਏਯੂ ਦੇ ਵਾਈਸ ਚਾਂਸਲਰ ਬਣੇ ਡਾ. ਢਿੱਲੋਂ 71 ਵਰਿਆਂ ਦੇ ਹਨ ਅਤੇ ਮੱਕੀ ਬਰੀਡਰ ਵਜੋਂ ਜਾਣੇ ਜਾਂਦੇ ਹਨ। ਪੀਏਯੂ ਵਿਖੇ ਮੱਕੀ ਬਰੀਡਰ, ਨਿਰਦੇਸ਼ਕ ਖੋਜ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਅਸਿਸਟੈਂਟ ਡਾਇਰੈਕਟਰ ਜਨਰਲ ਰਹਿ ਚੁੱਕੇ ਹਨ। ਆਈ ਸੀ ਏ ਆਰ ਦੀ ਇੱਕ ਹੋਰ ਸੰਸਥਾ ਨੈਸ਼ਨਲ ਬਿਓਰੋ ਪਲਾਂਟ ਜੈਨੇਟਿਕਸ ਰਿਸੋਰਸਸ ਦੇ ਉਹ ਡਾਇਰੈਕਟਰ ਜਨਰਲ ਰਹੇ ਹਨ। ਪੀਏਯੂ ਦੇ ਵਾਈਸ ਚਾਂਸਲਰ ਲੱਗਣ ਤੋਂ ਪਹਿਲਾਂ ਉਹ ਗੁਰੂ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਨਿਰਦੇਸ਼ਕ ਖੋਜ ਵਜੋਂ ਕੰਮ ਕਰ ਰਹੇ ਸਨ। ਇਸ ਤੋਂ ਬਿਨਾਂ ਉਹ ਵਿਦੇਸ਼ਾਂ ਵਿੱਚ ਬਰਮਿੰਘਮ ਯੂਨੀਵਰਸਿਟੀ, ਯੂ ਕੇ ਅਤੇ ਅੰਤਰਰਾਸ਼ਟਰੀ ਮੱਕੀ ਅਤੇ ਕਣਕ ਸੋਧ ਸੈਂਟਰ ਮੈਕਸੀਕੋ ਵਿੱਚ ਵੀ ਆਪਣਾ ਯੋਗਦਾਨ ਦੇ ਚੁੱਕੇ ਹਨ।

ਜਦੋਂ ਤੋਂ ਉਹ ਪੀਏਯੂ ਦੇ ਵਾਈਸ ਚਾਂਸਲਰ ਬਣੇ ਹਨ, ਯੂਨੀਵਰਸਿਟੀ ਨੇ ਖੋਜ, ਪਸਾਰ ਅਤੇ ਅਕਾਦਮਿਕ ਖੇਤਰ ਵਿੱਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ ਜਿਸ ਸਦਕਾ ਯੂਨੀਵਰਸਿਟੀ ਨੂੰ ਸਰਦਾਰ ਪਟੇਲ ਐਵਾਰਡ (2017) ਮਿਲਿਆ ਹੈ। ਵੱਖ-ਵੱਖ ਅਦਾਰਿਆਂ ਵੱਲੋਂ ਕੀਤੀ ਗਈ ਦਰਜਾਬੰਦੀ ਵਿੱਚ ਯੂਨੀਵਰਸਿਟੀ ਮੋਹਰੀ ਸਥਾਨਾਂ ਤੇ ਰਹੀ ਹੈ ਜਿਨ੍ਹਾਂ ਵਿਚੋਂ ਆਈ ਸੀ ਏ ਆਰ ਅਤੇ ਐਮ ਐਚ ਆਰ ਡੀ ਵੱਲੋਂ ਕੀਤੀ ਗਈ ਦਰਜਾਬੰਦੀ ਵਿਸ਼ੇਸ਼ ਰੂਪ ਵਿੱਚ ਜ਼ਿਕਰਯੋਗ ਹੈ। ਪ੍ਰਕਾਸ਼ਨਾਵਾਂ ਅਤੇ ਸਾਈਟੇਸ਼ਨਾਂ ਪੱਖੋਂ ਸਾਰੀਆਂ ਰਾਜ ਅਤੇ ਕੇਂਦਰੀ ਯੂਨੀਵਰਸਿਟੀਆਂ ਵਿੱਚੋਂ ਯੂਨੀਵਰਸਿਟੀ ਪਹਿਲੇ ਸਥਾਨ ਤੇ ਰਹੀ ਹੈ। ਖੇਤੀ ਖੋਜ ਦੇ ਖੇਤਰ ਵਿੱਚ ਡਾ. ਢਿੱਲੋਂ ਦੀ ਅਗਵਾਈ ਵਿੱਚ ਅਨੇਕਾਂ ਪ੍ਰਾਪਤੀਆਂ ਹੋਈਆਂ ਹਨ ਜਿਨ੍ਹਾਂ ਵਿੱਚ ਝੋਨੇ ਦੀਆਂ ਘੱਟ ਪਾਣੀਆਂ ਲੈਣ ਵਾਲੀਆਂ ਅਤੇ ਛੇਤੀ ਪੱਕਣ ਵਾਲੀਆਂ ਕਿਸਮਾਂ, ਘੱਟ ਬੀਜਾਂ ਵਾਲੀਆਂ ਕਿੰਨੂ ਦੀਆਂ ਕਿਸਮਾਂ ਪਾਣੀ ਬਚਾਉਣ ਵਾਲੀਆਂ ਸਿੰਚਾਈ ਤਕਨੀਕਾਂ ਅਤੇ ਕੀੜੇ ਮਕੌੜਿਆਂ ਦਾ ਸੰਯੁਕਤ ਪ੍ਰਬੰਧਨ ਵਿਸ਼ੇਸ਼ ਰੂਪ ਵਿੱਚ ਜ਼ਿਕਰਯੋਗ ਹੈ। ਡਾ. ਢਿੱਲੋਂ ਨੇ ਚਿੱਟੀ ਮੱਖੀ ਦੀ ਮਹਾਂਮਾਰੀ ਮਗਰੋਂ ਬਣਾਈ ਤਿੰਨ ਰਾਜਾਂ ਦੀ ਕਮੇਟੀ ਦੀ ਅਗਵਾਈ ਵੀ ਕੀਤੀ ਜਿਸ ਨੇ ਨਾ ਕੇਵਲ ਚਿੱਟੀ ਮੱਖੀ ਦੇ ਹਮਲੇ ਤੇ ਕਾਬੂ ਹੀ ਪਾਇਆ ਬਲਕਿ ਨਰਮੇ ਦਾ ਰਿਕਾਰਡ ਝਾੜ ਵੀ ਹੋਇਆ। ਡਾ. ਢਿੱਲੋਂ ਦੀ ਅਗਵਾਈ ਵਿੱਚ ਪੀਏਯੂ ਨੇ ਆਪਣੇ ਅਜਿਹੇ ਖੋਜ ਪ੍ਰੋਗਰਾਮ ਆਰੰਭੇ ਹਨ ਜੋ ਕੇਵਲ ਸਥਾਈ ਖੇਤੀ ਅਤੇ ਝਾੜ ਉਤਪਾਦਨ ਤੇ ਹੀ ਸੇਧਤ ਹਨ ਬਲਕਿ ਵਾਤਾਵਰਨ ਦੇ ਨੁਕਤੇ ਤੋਂ ਇਹਨਾਂ ਦੀ ਵਿਉਂਤਬੰਦੀ ਅਤੇ ਪੌਸ਼ਟਿਕ ਤੱਤਾਂ ਨੂੰ ਵੀ ਕੇਂਦਰ ਵਿੱਚ ਰੱਖ ਰਹੇ ਹਨ। ਜੈਵਿਕ ਖਾਦਾਂ ਭੂਮੀ ਦੇ ਪੌਸ਼ਟਿਕ ਤੱਤਾਂ ਲਈ ਵਿਸ਼ੇਸ਼ ਰੂਪ ਵਿੱਚ ਕਾਰਗਰ ਸਾਬਤ ਹੋਈਆਂ। ਪੀਏਯੂ ਦਾ, ਉਦਯੋਗ ਖਾਸ ਕਰ ਬੀਜ, ਪ੍ਰੋਸੈਸਿੰਗ ਅਤੇ ਫਾਰਮ ਮਸ਼ੀਨਰੀ ਦੇ ਖੇਤਰ ਵਿੱਚ ਵੱਡਾ ਪਸਾਰ ਹੋਇਆ ਜਿਸ ਦਾ ਲਾਹਾ ਪੰਜਾਬ ਦੇ ਕਿਸਾਨਾਂ ਨੂੰ ਹੋਇਆ।

ਡਾ. ਢਿੱਲੋਂ ਇੱਕ ਪਲਾਂਟ ਬਰੀਡਰ ਵਜੋਂ ਮੱਕੀ ਦੀਆਂ 16 ਕਿਸਮਾਂ ਵਿਕਸਤ ਕਰ ਚੁੱਕੇ ਹਨ ਜਿਨ੍ਹਾਂ ਵਿੱਚ ‘ਪਾਰਸ’ ਪ੍ਰਮੁੱਖ ਹੈ। ਹੁਣ ਤੱਕ ਉਹ 400 ਤੋਂ ਵੱਧ ਖੋਜ ਪੱਤਰ ਅਤੇ 13 ਪੁਸਤਕਾਂ ਲਿਖ ਚੁੱਕੇ ਹਨ। ਉਹ ਅਨੇਕਾਂ ਸਾਇੰਸ ਜਰਨਲਾਂ ਦੇ ਸੰਪਾਦਕੀ ਬੋਰਡ ਦੇ ਮੈਂਬਰ ਹਨ। ਹੁਣ ਤੱਕ ਉਹਨਾਂ ਨੂੰ ਡਾਕਟਰ ਵੀ ਪੀ ਪਾਲ ਮੈਮੋਰੀਅਲ ਐਵਾਰਡ, ਰਫੀ ਅਹਿਮਦ ਕਿਦਵਈ ਐਵਾਰਡ, ਓਮ ਪ੍ਰਕਾਸ਼ ਭਸ਼ੀਨ ਐਵਾਰਡ (ਸਾਇੰਸ ਅਤੇ ਤਕਨਾਲੋਜੀ), ਲਾਈਫ ਟਾਈਮ ਅਚੀਵਮੈਂਟਸ ਐਵਾਰਡ (ਪੰਜਾਬ ਸਾਇੰਸ ਅਕੈਡਮੀ) ਨਾਲ ਸਨਮਾਨਿਆ ਜਾ ਚੁੱਕਾ ਹੈ। ਡਾ. ਢਿੱਲੋਂ ਇੱਕ ਨਿਸ਼ਠਾਵਾਨ ਵਿਗਿਆਨੀ, ਦੂਰਅੰਦੇਸ਼ ਪ੍ਰਬੰਧਕ ਅਤੇ ਇੱਕ ਚੰਗੇ ਲੀਡਰ ਵਜੋਂ ਜਾਣੇ ਜਾਂਦੇ ਹਨ ਜਿਨ੍ਹਾਂ ਤੋਂ ਖੇਤੀ ਖੇਤਰ ਵਿੱਚ ਹੋਰ ਢੁੱਕਵੀਆਂ ਤਕਨੀਕਾਂ, ਫਸਲਾਂ ਦੀਆਂ ਕਿਸਮਾਂ ਅਤੇ ਬੇਹਤਰੀਨ ਯੋਜਨਾਬੰਦੀ ਦੀ ਉਮੀਦ ਬੱਝਦੀ ਹੈ।

Technology Marketing
and IPR Cell
  © Punjab Agricultural University Disclaimer | Privacy Policy | Contact Us