Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਸਾਵੇਂ ਆਰਥਿਕ ਵਿਕਾਸ ਲਈ ਚੰਗੀਆਂ ਨੀਤੀਆਂ ’ਤੇ ਪਹਿਰਾ ਦੇਣ ਦੀ ਲੋੜ : ਮੁੱਖ ਸਕੱਤਰ ਪੰਜਾਬ; ਪੀ.ਏ.ਯੂ. ਵਿੱਚ ’ਭਾਰਤੀ ਆਰਥਿਕ ਵਿਕਾਸ’ ਬਾਰੇ 13ਵੀਂ ਭਾਰਤੀ-ਜਾਪਾਨੀ ਅਰਥ ਸ਼ਾਸਤਰੀਆਂ ਨੇ ਕੀਤੀ ਚਰਚਾ; ਪੀ.ਏ.ਯੂ. ਵਿੱਚ ਹੋਈ 13ਵੀਂ ਵਾਰਤਾਲਾਪ ਵਿੱਚ ਸ੍ਰੀ ਸੁਰੇਸ਼ ਕੁਮਾਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ
06-09-2019 Read in English

ਪੀ.ਏ.ਯੂ. ਦੇ ਖੇਤੀ ਅਰਥ ਸ਼ਾਸਤਰ ਅਤੇ ਸਮਾਜ ਵਿਗਿਆਨ ਵਿਭਾਗ ਵੱਲੋਂ ਅੱਜ ’ਭਾਰਤੀ ਆਰਥਿਕ ਵਿਕਾਸ’ ਵਿਸ਼ੇ ਅਧੀਨ 13ਵੇਂ ਸੰਵਾਦ ਦਾ ਆਯੋਜਨ ਕੀਤਾ ਗਿਆ । ਇਸ ਵਿੱਚ ਭਾਰਤੀ ਆਰਥਿਕ ਮਾਹਿਰਾਂ ਦੇ ਨਾਲ-ਨਾਲ ਜਾਪਾਨ ਤੋਂ ਆਏ ਅਰਥ-ਸ਼ਾਸਤਰੀ ਸ਼ਾਮਲ ਹੋਏ । ਇਸ ਵਾਰਤਾਪਾਲ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਸੁਰੇਸ਼ ਕੁਮਾਰ ਵਿਸ਼ੇਸ਼ ਤੌਰ ’ਤੇ ਮੌਜੂਦ ਸਨ । ਇਸ ਸਮਾਗਮ ਵਿੱਚ ਜਾਪਾਨ ਦੀਆਂ ਵਿਭਿੰਨ ਯੂਨੀਵਰਸਿਟੀਆਂ ਤੋਂ ਵਿਕਾਸਸ਼ੀਲ ਦੇਸ਼ਾਂ ਦੇ ਆਰਥਿਕ ਮਾਹਿਰਾਂ ਵਜੋਂ ਜਾਪਾਨੀ ਡੈਲੀਗੇਟ ਸ਼ਾਮਿਲ ਹੋਏ । ਜਾਪਾਨ ਦੇ ਇਹ ਆਰਥਿਕ ਮਾਹਰ ਭਾਰਤ ਦੀ ਅਰਥ-ਵਿਵਸਥਾ ਸੰਬੰਧੀ ਆਪਣੀ ਖੋਜ ਦੇ ਨੁਕਤੇ ਸਾਂਝੇ ਕਰਨ ਲਈ ਇਸ ਸੰਵਾਦ ਦਾ ਹਿੱਸਾ ਬਣੇ । ਸ੍ਰੀ ਸੁਰੇਸ਼ ਕੁਮਾਰ ਦਾ ਸਵਾਗਤ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਫੁੱਲ ਭੇਂਟ ਕਰਕੇ ਕੀਤਾ ।

ਸ੍ਰੀ ਸੁਰੇਸ਼ ਕੁਮਾਰ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਭਾਰਤ ਦੇ ਆਰਥਿਕ ਵਿਕਾਸ ਬਾਰੇ ਗੱਲ ਕਰਦਿਆਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਹਰ ਖੇਤਰ ਵਿੱਚ ਵਿਕਾਸ ਹੋਇਆ ਹੈ । ਇੱਕ ਸਮਾਂ ਸੀ ਜਦੋਂ ਮੈਕਸੀਕੋ ਤੋਂ ਆਉਂਦੀ ਲਾਲ ਕਣਕ ਦੀ ਭਾਰਤ ਵਿੱਚ ਵਰਤੋਂ ਹੁੰਦੀ ਸੀ ਤੇ ਭਾਰਤ ਬਾਹਰੋਂ ਅਨਾਜ ਮੰਗਵਾਉਂਦਾ ਸੀ । ਅੱਜ ਅਨਾਜ ਦਾ ਨਿਰਯਾਤ ਹੁੰਦਾ ਹੈ ਅਤੇ ਭਾਰਤ ਦੇ ਅੰਨ ਭੰਡਾਰਾਂ ਨਾਲੋਂ ਦੁੱਗਣਾ ਉਤਪਾਦਨ ਹੋ ਰਿਹਾ ਹੈ । ਪਿਛਲੇ 20 ਸਾਲਾਂ ਵਿੱਚ ਪ੍ਰਤੀ ਜੀਅ ਆਮਦਨ ਦੁੱਗਣੀ ਹੋਈ ਹੈ । ਬਹੁ ਰਾਸ਼ਟਰੀ ਕੰਪਨੀਆਂ ਕਾਰਨ ਸੇਵਾ ਖੇਤਰ ਫੈਲਿਆ ਤੇ ਲੋਕਾਂ ਦਾ ਜੀਵਨ-ਪੱਧਰ ਉਚਾ ਹੋਇਆ ਹੈ । ਸ੍ਰੀ ਸੁਰੇਸ਼ ਕੁਮਾਰ ਨੇ ਖੇਤੀ ਤੇ ਹੋਰ ਖੇਤਰਾਂ ਦੇ ਵਿਕਾਸ ਬਾਰੇ ਗੱਲ ਕਰਦਿਆਂ ਨਾਲ ਹੀ ਖੇਤੀ ਉਦਯੋਗਿਕ ਵਿਕਾਸ ਵਿੱਚ ਤੇਜ਼ੀ ਲਿਆਉਣ ਦੀ ਨੀਤੀ ਬਣਾਉਣ ਦੀ ਲੋੜ ਤੇ ਜ਼ੋਰ ਦਿੱਤਾ । ਉਨ੍ਹਾਂ ਨੇ ਪੰਜਾਬ ਦੇ ਆਰਥਿਕ ਤੇ ਖੇਤੀ ਵਿਕਾਸ ਵਿੱਚ ਪੀ.ਏ.ਯੂ. ਦੀ ਭੂਮਿਕਾ ਦੀ ਸ਼ਲਾਘਾ ਕੀਤੀ । ਨਾਲ ਹੀ ਉਨਾਂ੍ਹ ਨੇ ਕੁਦਰਤੀ ਸਰੋਤਾਂ ਨੂੰ ਸੰਭਾਲਣ ਨੂੰ ਅੱਜ ਦੇ ਸਮੇਂ ਦੀ ਲੋੜ ਕਿਹਾ । 1992 ਤੋਂ ਬਾਅਦ ਭਾਰਤ ਦੇ ਆਰਥਿਕ ਵਿਕਾਸ ਦਾ ਇੱਕ ਕਾਰਨ ਉਨਾਂ੍ਹ ਨੇ ਰਾਜਨੀਤਕ ਸਥਿਰਤਾ ਨੂੰ ਕਿਹਾ । ਸਿੱਖਿਆ ਤੇ ਸੂਚਨਾ ਅਧਿਕਾਰ ਐਕਟਾਂ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਮੁੱਖ ਮਹਿਮਾਨ ਨੇ ਵਰਤਮਾਨ ਸਥਿਤੀ ਦੀਆਂ ਆਰਥਿਕ ਚੁਣੌਤੀਆਂ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ । ਬੇਰੁਜ਼ਗਾਰੀ, ਲਿੰਗਕ ਵਖਰੇਵਾਂ ਤੇ ਗੈਰ-ਮੁਹਾਰਤੀ ਮਜ਼ਦੂਰੀ ਨੂੰ ਹੱਲ ਕਰਨ ਲਈ ਉਨ੍ਹਾਂ ਨੇ ਬਿਹਤਰ ਨੀਤੀਆਂ ਦੀ ਲੋੜ ’ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਸੇਵਾ ਖੇਤਰ ਵਿੱਚ ਔਰਤਾਂ ਦੀ ਭਾਗੀਦਾਰੀ ਵਧਾ ਕੇ ਕਈ ਸਮਾਜਕ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ । ਭਿ੍ਰਸ਼ਟਾਚਾਰ ਨੂੰ ਆਰਥਿਕ ਵਿਕਾਸ ਦੇ ਰਾਹ ਦੀ ਸਭ ਤੋਂ ਵੱਡੀ ਰੁਕਾਵਟ ਕਹਿੰਦਿਆਂ ਉਹਨਾਂ ਕਿਹਾ ਕਿ ਇਸਨੂੰ ਰੋਕ ਕੇ ਅਰਥਿਕ ਵਿਕਾਸ ਨੂੰ ਹੋਰ ਬਿਹਤਰ ਦਿਸ਼ਾ ਵਿੱਚ ਤੋਰਿਆ ਜਾ ਸਕਦਾ ਹੈ।

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਇਸ ਵਾਰਤਾ ਦੀ ਸਮੁੱਚੀ ਗੱਲਬਾਤ ਨੂੰ ਸਮੇਟਦਿਆਂ ਕਿਹਾ ਕਿ ਪੰਜਾਬ ਵਿੱਚ ਖੇਤੀ ਆਮਦਨ ਪੂਰੇ ਦੇਸ਼ ਨਾਲੋਂ ਵਧੇਰੇ ਹੈ ਪਰ ਇਸ ਨੂੰ ਮੁਨਾਫ਼ੇ ਵਿੱਚ ਬਦਲਣ ਲਈ ਖੇਤੀ ਨਾਲ ਸੰਬੰਧਤ ਰੁਜ਼ਗਾਰ ਦੇ ਹੋਰ ਵਸੀਲੇ ਪੈਦਾ ਕਰਨੇ ਹੋਣਗੇ । ਉਹਨਾਂ ਖੇਤੀ ਵਿਭਿੰਨਤਾ ਸੰਬੰਧੀ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਗੱਲ ਕਰਦਿਆਂ ਪੰਜਾਬ ਵਿੱਚ ਮੱਕੀ, ਫ਼ਲਾਂ ਅਤੇ ਸਬਜ਼ੀਆਂ ਦੀ ਖੇਤੀ ਬਾਰੇ ਭਰਪੂਰ ਜਾਣਕਾਰੀ ਦਿੱਤੀ। ਡਾ. ਢਿੱਲੋਂ ਨੇ ਕਿਹਾ ਕਿ ਹੁਣ ਮਸਲਾ ਉਤਪਾਦਨ ਵਧਾਉਣ ਦਾ ਨਹੀਂ ਬਲਕਿ ਖੇਤੀ ਖਰਚਿਆਂ ਨੂੰ ਵਿਉਂਤਣ ਦਾ ਹੈ । 2015 ਵਿੱਚ ਨਰਮਾ ਖੇਤਰ ਵਿੱਚ ਚਿੱਟੀ ਮੱਖੀ ਦੀ ਸਮੱਸਿਆ ਦੀ ਰੋਕਥਾਮ ਦੀ ਉਦਾਹਰਣ ਦਿੰਦਿਆਂ ਉਹਨਾਂ ਕਿਹਾ ਕਿ ਖੇਤੀ ਰਸਾਇਣਾਂ ਦਾ ਖਰਚਾ ਘਟਾਉਣ ਵਾਲੇ ਮਾਡਲ ਨੂੰ ਹੋਰ ਫ਼ਸਲਾਂ ਤੇ ਵੀ ਲਾਗੂ ਕਰਨਾ ਪਵੇਗਾ ।

ਵੱਖ-ਵੱਖ ਚਾਰ ਤਕਨੀਕੀ ਸੈਸ਼ਨਾਂ ਵਿੱਚ ਭਾਰਤ ਅਤੇ ਜਾਪਾਨ ਦੇ ਖੇਤੀ ਤੇ ਆਰਥਿਕ ਮਾਹਰਾਂ ਨੇ ਫ਼ਸਲਾਂ ਦੀ ਲਾਗਤ, ਘੱਟੋ ਘੱਟ ਸਮਰਥਨ ਮੁੱਲ, ਖਰਚੇ, ਫਸਲੀ ਵਿਭਿੰਨਤਾ, ਬਿਜਲੀ ਦੀ ਸਮੱਸਿਆ ਅਤੇ ਕੁਦਰਤੀ ਸਰੋਤਾਂ ਬਾਰੇ ਆਪੋ ਆਪਣੇ ਨੁਕਤੇ ਤੋਂ ਗੱਲ ਕੀਤੀ । ਪੇਪਰ ਪੇਸ਼ ਕਰਨ ਵਾਲਿਆਂ ਵਿੱਚ ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ, ਐਨ ਆਈ ਏ ਈ ਦੇ ਰਾਸ਼ਟਰੀ ਪ੍ਰੋਫੈਸਰ ਡਾ. ਪੀ ਐਸ ਬਿਰਥਲ, ਯੂਨੀਵਰਸਿਟੀ ਆਫ਼ ਹਿਯੋਗੋ ਦੇ ਸਹਿਯੋਗੀ ਪ੍ਰੋਫੈਸਰ ਡਾ. ਅਤੂਸ਼ੀ ਫਾਕੂਮੀ,¿; ਕੋਬੇ ਯੂਨੀਵਰਸਿਟੀ ਦੇ ਡਾ. ਤਾਕਾਹੀਰੋ ਸਾਤੋ, ਡਾ. ਆਤੂਸ਼ੀ ਕਾਤੋ, ਪੰਜਾਬੀ ਯੂਨੀਵਰਸਿਟੀ ਦੇ ਡਾ. ਲਖਵਿੰਦਰ ਗਿੱਲ, ਆਈ ਆਈ ਟੀ ਪਟਨਾ ਦੇ ਡਾ. ਨਲਿਨ ਭੱਟੀ ਪ੍ਰਮੁੱਖ ਸਨ । ਪੜ੍ਹੇ ਗਏ ਪਰਚਿਆਂ ਵਿੱਚ ਪੇਸ਼ ਹੋਏ ਨੁਕਤਿਆਂ ਬਾਰੇ ਬਹੁਤ ਨਿੱਠ ਕੇ ਬਹਿਸ ਹੋਈ ਜਿਸ ਵਿੱਚ ਪੰਜਾਬ ਦੇ ਆਰਥਿਕ ਵਿਕਾਸ ਦੇ ਮਾਡਲ ਦੀ ਦਿਸ਼ਾ ਬਾਰੇ ਵਿਚਾਰ ਹੋਈ ।

ਸਮਾਗਮ ਦੇ ਆਰੰਭ ਵਿੱਚ ਅਰਥ ਸ਼ਾਸਤਰ ਵਿਭਾਗ ਦੇ ਮੁਖੀ ਡਾ. ਕਮਲ ਵੱਤਾ ਨੇ ਭਾਰਤੀ-ਜਾਪਾਨੀ ਆਰਥਿਕ ਵਾਰਤਾਲਾਪ ਵਿੱਚ ਹਿੱਸਾ ਲੈ ਰਹੇ ਖੋਜ ਕਰਤਾਵਾਂ ਦਾ ਸਵਾਗਤ ਕੀਤਾ । ਉਨ੍ਹਾਂ ਇਸ ਵਾਰਤਾ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਇਸਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਦੋ ਦੇਸ਼ਾਂ ਦੀ ਸਾਂਝੀ ਵਿਰਾਸਤ ਕਿਹਾ ।

ਸਮਾਗਮ ਦੇ ਅੰਤ ਤੇ ਪੀ.ਏ.ਯੂ. ਦੇ ਰਸਿਟਰਾਰ ਡਾ. ਰਾਜਿੰਦਰ ਸਿੰਘ ਸਿੱਧੂ ਨੇ ਧੰਨਵਾਦ ਦੇ ਸ਼ਬਦ ਕਹੇ । ਉਨ੍ਹਾਂ ਕਿਹਾ ਕਿ ਖੇਤੀ ਤੇ ਆਰਥਿਕ ਵਿਕਾਸ ਸਮਾਂਤਰ ਰੂਪ ਵਿੱਚ ਚੋਣਵੇਂ ਹੋਣੇ ਚਾਹੀਦੇ ਹਨ । ਇਹ ਵਾਰਤਾ ਸਾਬਿਤ ਕਰਦੀ ਹੈ ਕਿ ਦੁਨੀਆਂ ਦੇ ਵਿਕਸਿਤ ਦੇਸ਼ਾਂ ਦਾ ਧਿਆਨ ਪੰਜਾਬ ਦੇ ਆਰਥਿਕ ਵਿਕਾਸ ਵੱਲ ਹੈ । ਇਸ ਲਈ ਸਾਨੂੰ ਵਧੇਰੇ ਲਗਨ ਨਾਲ ਖੇਤੀ ਤੇ ਆਰਥਿਕਤਾ ਨੂੰ ਸਹੀ ਦਿਸ਼ਾ ਵਿੱਚ ਲਿਜਾਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ।

ਇਸ ਵਾਰਤਾ ਵਿੱਚ ਯੂਨੀਵਰਸਿਟੀ ਦੇ ਡੀਨ, ਡਾਇਰੈਕਟਰ, ਅਧਿਆਪਨ, ਗੈਰ ਅਧਿਆਪਨ ਅਮਲੇ ਦੇ ਮੈਂਬਰ ਤੇ ਵਿਦਿਆਰਥੀ ਭਾਰੀ ਗਿਣਤੀ ਵਿੱਚ ਹਾਜ਼ਰ ਸਨ ।

Technology Marketing
and IPR Cell
  © Punjab Agricultural University Disclaimer | Privacy Policy | Contact Us