Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਮੱਕੀ ਨੂੰ ਫ਼ਾਲ ਆਰਮੀਵਰਮ ਕੀੜੇ ਤੋਂ ਬਚਾਉਣ ਲਈ ਪੀ.ਏ.ਯੂ. ਮਾਹਿਰਾਂ ਨੇ ਦਿੱਤੇ ਸੁਝਾਅ; ਮੱਕੀ ਦੀ ਬਿਜਾਈ ਹਰ ਹਾਲ ਵਿੱਚ 30 ਜੂਨ ਤੱਕ ਪੂਰੀ ਕਰ ਲਓ : ਪੀ.ਏ.ਯੂ. ਮਾਹਿਰ
29-06-2020 Read in English

ਫ਼ਾਲ ਆਰਮੀਵਰਮ ਮੱਕੀ ਦੀ ਫ਼ਸਲ ਦਾ ਨੁਕਸਾਨਦੇਹ ਕੀੜਾ ਹੈ ਜਿਸਦਾ ਪਿਛੋਕੜ ਅਮਰੀਕੀ ਮਹਾਂਦੀਪ ਨਾਲ ਜੁੜਦਾ ਹੈ । ਅਫ਼ਰੀਕੀ ਮਹਾਂਦੀਪ ਵਿੱਚ ਇਸ ਨੂੰ ਪਹਿਲੀ ਵਾਰ 2016 ਵਿੱਚ ਵੇਖਿਆ ਗਿਆ ਅਤੇ ਇਕ ਸਾਲ ਵਿਚ ਹੀ ਇਸ ਦੀ ਹੋਂਦ ਇਸ ਮਹਾਂਦੀਪ ਦੇ ਲਗਭਗ 40 ਮੁਲਕਾਂ ਵਿੱਚ ਮੱਕੀ ਤੇ ਦਰਜ ਕੀਤੀ ਗਈ। ਭਾਰਤ ਵਿੱਚ ਇਹ ਕੀੜਾ ਪਹਿਲੀ ਵਾਰ ਕਰਨਾਟਕਾ ਵਿੱਚ ਮਈ 2018 ਦੌਰਾਨ ਵੇਖਿਆ ਗਿਆ ਜੋ ਕਿ ਸਾਲ ਵਿੱਚ ਹੀ ਤਕ ਲਗਭਗ ਸਾਰੇ ਦੇਸ਼ ਵਿੱਚ ਫ਼ੈਲ ਗਿਆ ਅਤੇ ਮੱਕੀ ਦੀ ਫ਼ਸਲ ਤੇ ਇਸ ਦੀ ਹੋਂਦ ਅਤੇ ਨੁਕਸਾਨ ਦਰਜ ਕੀਤੇ ਗਏ। ਪੰਜਾਬ ਵਿੱਚ ਇਹ ਕੀੜਾ ਅਗਸਤ 2019 ਵਿਚ ਪਹਿਲੀ ਵਾਰ ਨਜ਼ਰ ਆਇਆ ਅਤੇ ਸਤੰਬਰ ਦੇ ਅਖੀਰ ਤਕ ਕਈ ਜ਼ਿਲਿਆਂ ਵਿਚ ਪਛੇਤੀ ਬੀਜੀ ਚਾਰੇ ਵਾਲੀ ਮੱਕੀ ਤੇ ਇਸ ਦਾ ਹਮਲਾ ਵੇਖਿਆ ਗਿਆ। ਹਾਲ ਵਿੱਚ ਇਸ ਦਾ ਹਮਲਾ ਮੌਜੂਦਾ ਸਾਉਣੀ ਰੁੱਤ ਦੀ ਮੱਕੀ ਦੀ ਫ਼ਸਲ ਤੇ ਜਲੰਧਰ, ਹੁਸ਼ਿਆਰਪੁਰ, ਰੋਪੜ, ਪਠਾਨਕੋਟ, ਪਟਿਆਲਾ ਅਤੇ ਫ਼ਤਿਹਗੜ ਸਾਹਿਬ ਜ਼ਿਲਿਆਂ ਵਿਚ ਵੇਖਿਆ ਗਿਆ ਹੈ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਪੀ.ਏ.ਯੂ. ਦੇ ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਪੀ ਕੇ ਛੁਨੇਜਾ ਨੇ ਦੱਸਿਆ ਕਿ ਦਸ ਤੋਂ ਚਾਲੀ ਦਿਨਾਂ ਤਕ ਦੀ ਫ਼ਸਲ ਇਸ ਕੀੜੇ ਦੀ ਖਾਸ ਤੌਰ ਤੇ ਪਸੰਦੀਦਾ ਖੁਰਾਕ ਹੈ। ਇਸ ਸਮੇਂ ਕਿਸਾਨਾਂ ਨੂੰ ਇਸ ਕੀੜੇ ਦੇ ਹਮਲੇ ਪ੍ਰਤੀ ਪੂਰੀ ਤਰਾਂ੍ਹ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਅਜੋਕੀ ਫ਼ਸਲ ਦੀ ਅਵਸਥਾ ਕੀੜੇ ਦੇ ਹਮਲੇ ਲਈ ਅਨੁਕੂਲ ਹੈ। ਇਸ ਸਮੇਂ ਕੀੜੇ ਦੀ ਰੋਕਥਾਮ ਦੁਆਰਾ ਫ਼ਸਲ ਦੇ ਬਚਾਅ ਦੇ ਨਾਲ ਇਸ ਦੇ ਹੋਰ ਵਾਧੇ ਅਤੇ ਅਗੇ ਹੋਣ ਵਾਲੇ ਨੁਕਸਾਨ ਨੂੰ ਘਟਾਇਆ ਜਾ ਸਕਦਾ ਹੈ।

ਡਾ. ਛੁਨੇਜਾ ਨੇ ਕਿਹਾ ਕਿ ਇਸ ਕੀੜੇ ਦੀ ਸਹੀ ਪਛਾਣ, ਖੇਤਾਂ ਦਾ ਲਗਾਤਾਰ ਸਰਵੇਖਣ ਅਤੇ ਸਮੇਂ ਸਿਰ ਰੋਕਥਾਮ ਬਹੁਤ ਜ਼ਰੂਰੀ ਹੈ। ਇਸ ਦੀ ਸੁੰਡੀ ਦੀ ਪਛਾਣ ਇਸਦੇ ਪਿਛਲੇ ਸਿਰੇ ਵੱਲ ਵਰਗਾਕਾਰ ਵਿਚ ਚਾਰ ਬਿੰਦੂਆਂ ਅਤੇ ਸਿਰ ਉਪਰ ਚਿੱਟੇ ਰੰਗ ਦਾ ਅੰਗਰੇਜ਼ੀ ਦੇ ‘Y’ ਅੱਖਰ ਦੇ ਉਲਟੇ ਨਿਸ਼ਾਨ ਤੋਂ ਹੁੰਦੀ ਹੈ। ਫ਼ਾਲ ਆਰਮੀਵਰਮ ਦੀਆਂ ਸੁੰਡੀਆਂ ਹਰੇ ਤੋਂ ਹਲਕੇ ਭੂਰੇ ਜਾਂ ਸੁਰਮਈ ਰੰਗ ਦੀਆਂ ਹੁੰਦੀਆਂ ਹਨ। ਇਕ ਮਾਦਾ ਪਤੰਗਾ ਆਪਣੇ ਜੀਵਨ ਕਾਲ ਵਿਚ 1500-2000 ਆਂਡੇ ਦੇ ਸਕਦੀ ਹੈ। ਆਂਡੇ ਝੁੰਡਾਂ ਦੇ ਰੂਪ ਵਿੱਚ (100-150 ਆਂਡੇ ਪ੍ਰਤੀ ਝੁੰਡ) ਪੱਤੇ ਦੀ ਉਪਰ ਜਾਂ ਹੇਠਲੀ ਸਤ੍ਹਾ ਤੇ ਹੁੰਦੇ ਹਨ। ਹਮਲੇ ਦੇ ਸ਼ੁਰੂਆਤ ਵਿੱਚ ਛੋਟੀਆਂ ਸੁੰਡੀਆਂ ਪੱਤੇ ਦੀ ਸਤਿਹ ਨੂੰ ਖੁਰਚ ਕੇ ਖਾਂਦੀਆਂ ਹਨ ਜਿਸ ਕਾਰਨ ਪੱਤਿਆਂ ਉਪਰ ਲੰਮੇ ਆਕਾਰ ਦੇ ਕਾਗਜ਼ੀ ਨਿਸ਼ਾਨ ਬਣਦੇ ਹਨ।ਵੱਡੀਆਂ ਸੁੰਡੀਆਂ ਪੱਤਿਆਂ ਉਪਰ ਬੇਤਰਤੀਬੀ, ਗੋਲ ਜਾਂ ਅੰਡਾਕਾਰ ਮੋਰੀਆਂ ਬਣਾਉਂਦੀਆਂ ਹਨ। ਹਮਲੇ ਵਾਲੀ ਗੋਭ ਵਿੱਚ ਭਾਰੀ ਮਾਤਰਾ ਵਿੱਚ ਇਸ ਦੀਆਂ ਵਿੱਠਾਂ ਹੁੰਦੀਆਂ ਹਨ। ਆਮ ਤੌਰ ਤੇ ਇਸ ਕੀੜੇ ਦਾ ਹਮਲਾ ਖੇਤਾਂ ਵਿੱਚ ਧੌੜੀਆਂ ਵਿੱਚ ਸ਼ੁਰੁ ਹੋ ਕੇ ਬਹੁਤ ਜਲਦੀ ਸਾਰੇ ਖੇਤ ਵਿਚ ਫ਼ੈਲ ਜਾਂਦਾ ਹੈ। ਇਸ ਕੀੜੇ ਦਾ ਹਮਲਾ ਦਿਸਦੇ ਸਾਰ ਹੀ ਇਸ ਦੇ ਨੁਕਸਾਨ ਤੋਂ ਬਚਾਅ ਲਈ ਸੁਝਾਅ ਦਿੰਦਿਆਂ ਡਾ. ਛੁਨੇਜਾ ਨੇ ਕਿਹਾ ਕਿ ਮੱਕੀ ਦੀ ਬਿਜਾਈ ਸ਼ਿਫ਼ਾਰਸ਼ ਅਨੁਸਾਰ 30 ਜੂਨ ਤੱਕ ਜ਼ਰੂਰ ਮੁਕਮਲ ਕਰ ਲਉ। ਇਸ ਤਰ੍ਹਾਂ ਕੀੜੇ ਦੀ ਰੋਕਥਾਮ ਵਿਆਪਕ ਪਧਰ ਤੇ ਹੋਵੇਗੀ ਅਤੇ ਕੀੜੇ ਦੀ ਬਹੁਤਾਤ ਘਟੇਗੀ। ਆਉਣ ਵਾਲੇ ਸਮੇਂ ਵਿਚ ਬਰਸਾਤਾਂ ਵੀ ਇਸ ਕੀੜੇ ਦੇ ਹਮਲੇ ਨੂੰ ਘਟਾਉਣ ਵਿੱਚ ਸਹਾਈ ਹੋਣਗੀਆਂ। ਚਾਰੇ ਵਾਲੀ ਮੱਕੀ ਦੀ ਬਿਜਾਈ ਅੱਧ-ਅਗਸਤ ਤੱਕ ਜ਼ਰੂਰ ਪੂਰੀ ਕਰ ਲਉ। ਪਿਛਲੇ ਸਾਲ ਪਿਛੇਤੀ ਬੀਜੀ ਫ਼ਸਲ ਉਪਰ ਇਸ ਕੀੜੇ ਦਾ ਹਮਲਾ ਵਧੇਰੇ ਸੀ। ਪਿਛੇਤੀ ਬੀਜੀ ਫ਼ਸਲ ਕੀੜੇ ਨੂੰ ਅਗਲੀ ਫ਼ਸਲ ਤਕ ਲਿਜਾਣ ਵਿਚ ਵੀ ਸਹਾਈ ਹੋ ਸਕਦੀ ਹੈ। ਨਾਲ ਲੱਗਦੇ ਖੇਤਾਂ ਵਿੱਚ ਮੱਕੀ ਦੀ ਬਿਜਾਈ ਥੋੜ੍ਹੇ-ਥੋੜ੍ਹੇ ਵਕਫ਼ੇ ਤੇ ਨਾ ਕਰੋ ਤਾਂ ਜੋ ਕੀੜੇ ਲਈ ਫ਼ਸਲ ਦੀ ਜ਼ਿਆਦਾ ਅਨੁਕੂਲ ਹਾਲਤ ਲਗਾਤਾਰ ਮੁਹਈਆ ਨਾ ਹੋ ਸਕੇ। ਚਾਰੇ ਵਾਲੀ ਮੱਕੀ ਲਈ ਅਤਿ ਸੰਘਣੀ ਬਿਜਾਈ ਨਾ ਕਰੋ ਅਤੇ ਸਿਫ਼ਾਰਸ਼ ਕੀਤੀ ਬੀਜ ਦੀ ਮਾਤਰਾ (30 ਕਿੱਲੋ ਪ੍ਰਤੀ ਏਕੜ) ਕਤਾਰਾਂ ਵਿੱਚ ਬਿਜਾਈ ਲਈ ਵਰਤੋ।ਚਾਰੇ ਵਾਲੀ ਮੱਕੀ ਵਿੱਚ ਬਾਜਰਾ/ਰਵਾਂਹ/ਜਵਾਰ ਰਲਾ ਕੇ ਬੀਜੋ ਤਾਂ ਜੋ ਖੇਤ 'ਚ ਕੀੜੇ ਦਾ ਫ਼ੈਲਾਅ ਰੋਕਿਆ ਜਾ ਸਕੇ।

ਉਹਨਾਂ ਇਹ ਵੀ ਕਿਹਾ ਕਿ ਸਿਫ਼ਾਰਿਸ਼ ਮਿਕਦਾਰ ਵਿਚ ਖਾਦਾਂ ਅਤੇ ਪਾਣੀ ਦੀ ਵਰਤੋਂ ਬੂਟਿਆਂ ਨੂੰ ਤੰਦਰੁਸਤ ਰਖਣ ਵਿਚ ਸਹਾਈ ਹੁੰਦੀ ਹੈ ਅਤੇ ਅਜਿਹੇ ਬੂਟੇ ਕੀੜੇ ਦਾ ਹਮਲਾ ਸਹਾਰ ਸਕਦੇ ਹਨ। ਪੱਤਿਆਂ ਤੇ ਫ਼ਾਲ ਆਰਮੀਵਰਮ ਕੀੜੇ ਦੇ ਦਿੱਤੇ ਆਂਡਿਆਂ ਦੇ ਝੁੰਡਾਂ ਨੂੰ ਨਸ਼ਟ ਕਰਦੇ ਰਹੋ। ਆਂਡਿਆਂ ਦੇ ਝੁੰਡ ਪਤਿਆਂ ਤੇ ਲੂਈ ਨਾਲ ਢਕੇ ਹੁੰਦੇ ਹਨ ਅਤੇ ਅਸਾਨੀ ਨਾਲ ਦਿਸ ਜਾਂਦੇ ਹਨ। ਕੀੜੇ ਦਾ ਹਮਲਾ ਦਿਖਾਈ ਦੇਣ ਤੇ ਉਸੇ ਵੇਲੇ ਇਸ ਦੀ ਰੋਕਥਾਮ ਲਈ 0.5 ਮਿਲੀਲਿਟਰ ਡੈਲੀਗੇਟ 11.7 ਐਸ ਸੀ (ਸਪਾਈਨਟੋਰਮ) ਜਾਂ 0.4 ਮਿਲੀਲਿਟਰ ਕੋਰਾਜਨ 18.5 ਐਸ ਸੀ (ਕਲੋਰਐਂਟਰਾਨਿਲੀਪਰੋਲ) ਜਾਂ 0.4 ਗ੍ਰਾਮ ਮਿਜ਼ਾਈਲ 5 ਐਸ ਜੀ (ਐਮਾਮੈਕਟਿਨ ਬੈਂਜ਼ੋਏਟ) ਪ੍ਰਤੀ ਲਿਟਰ ਪਾਣੀ 'ਚ ਘੋਲ ਕੇ ਛਿੜਕਾਅ ਕਰੋ। 20 ਦਿਨਾਂ ਤੱਕ ਦੀ ਫ਼ਸਲ ਲਈ 120 ਲਿਟਰ ਪਾਣੀ ਅਤੇ ਇਸ ਤੋਂ ਵਡੀ ਫ਼ਸਲ ਤੇ ਵਾਧੇ ਅਨੁਸਾਰ ਪਾਣੀ ਦੀ ਮਾਤਰਾ 200 ਲਿਟਰ ਪ੍ਰਤੀ ਏਕੜ ਤਕ ਵਧਾਉ। ਛਿੜਕਾਅ ਕਰਨ ਵੇਲੇ ਸਪਰੇਅ ਪੰਪ ਦੀ ਨੋਜ਼ਲ ਦੀ ਦਿਸ਼ਾ ਮੱਕੀ ਦੀ ਗੋਭ ਵੱਲ ਰਖੋ, ਕਿਉਂਕਿ ਸੁੰਡੀ ਗੋਭ ਵਿਚ ਖਾਣਾ ਪਸੰਦ ਕਰਦੀ ਹੈ। ਚਾਰੇ ਵਾਲੀ ਫ਼ਸਲ ਤੇ ਕੋਰਾਜਨ ਦਾ ਛਿੜਕਾਅ ਕਰੋ। ਛਿੜਕਾਅ ਉਪਰੰਤ ਫ਼ਸਲ ਨੂੰ 21 ਦਿਨਾਂ ਤੱਕ ਪਸ਼ੂਆਂ ਨੂੰ ਨਾ ਚਰਾਉ।

Technology Marketing
and IPR Cell
  © Punjab Agricultural University Disclaimer | Privacy Policy | Contact Us