Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਪੀ.ਏ.ਯੂ. ਵਿੱਚ ਸ਼ੁਰੂ ਹੋਇਆ ਆਨਲਾਈਨ ਸਿਖਲਾਈ ਪ੍ਰੋਗਰਾਮ
25-07-2020 Read in English

ਪੀ.ਏ.ਯੂ. ਦੇ ਕੁਦਰਤੀ ਸਰੋਤ ਪ੍ਰਬੰਧਨ ਸਕੂਲ ਵੱਲੋਂ ਆਈ.ਸੀ.ਏ.ਆਰ. ਦੀ ਸਹਾਇਤਾ ਨਾਲ ਖੇਤੀ ਵਿਗਿਆਨ ਅਤੇ ਤਕਨਾਲੋਜੀ ਲਈ ਰਾਸ਼ਟਰੀ ਉੱਚ ਸਿੱਖਿਆ ਪ੍ਰੋਜੈਕਟ ਐਨ.ਏ.ਐੱਚ.ਈ.ਪੀ.-ਕਾਸਟ ਦੀ ਅਗਵਾਈ ਵਿੱਚ ਇੱਕ ਵੈੱਬ ਬੇਸਡ ਅੰਤਰਰਾਸ਼ਟਰੀ ਸਿਖਲਾਈ ਪ੍ਰੋਗਰਾਮ ਸ਼ੁਰੂ ਹੋਇਆ । ਇਸ ਸਿਖਲਾਈ ਪ੍ਰੋਗਰਾਮ ਦਾ ਸਿਰਲੇਖ ‘ਖੇਤੀ ਵਿੱਚ ਰੋਬੋਟਿਕਸ ਅਤੇ ਸਵੈ-ਚਾਲਨ ਵਿਧੀ‘ ਹੈ । ਯੂਨੀਵਰਸਿਟੀ ਦੇ ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਵੱਲੋਂ ਕਰਵਾਇਆ ਜਾ ਰਿਹਾ ਇਹ ਅੰਤਰਰਾਸ਼ਟਰੀ ਸਿਖਲਾਈ ਪ੍ਰੋਗਰਾਮ 31 ਜੁਲਾਈ ਤੱਕ ਜਾਰੀ ਰਹੇਗਾ । ਇਸ ਵਿੱਚ ਚੁਣੇ ਹੋਏ ਅਕਾਦਮਿਕ ਅਮਲੇ, ਉਦਯੋਗਿਕ ਪ੍ਰਤੀਨਿਧੀ, ਆਈ.ਸੀ.ਏ.ਆਰ. ਅਤੇ ਰਾਜਾਂ ਦੀਆਂ ਖੇਤੀ ਯੂਨੀਵਰਸਿਟੀਆਂ ਦੇ ਵਿਦਿਆਰਥੀ ਹਿੱਸਾ ਲੈ ਰਹੇ ਹਨ । ਇਸ ਦੇ ਅਰੰਭਲੇ ਸੈਸ਼ਨ ਵਿੱਚ ਅੰਤਰਰਾਸ਼ਟਰੀ ਕਾਰਪੋਰੇਸ਼ਨ ਅਤੇ ਦੁਵੱਲੇ ਵਪਾਰ ਸੰਬੰਧੀ ਭਾਰਤ ਸਰਕਾਰ ਦੇ ਸੂਚਨਾ ਤਕਨਾਲੋਜੀ ਅਤੇ ਬਿਜਲਈ ਮੰਤਰਾਲੇ ਦੇ ਨਿਰਦੇਸ਼ਕ ਡਾ. ਏ.ਕੇ. ਗਰਗ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਡਾ. ਗਰਗ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਸਵੈ-ਚਾਲਿਤ ਵਿਧੀਆਂ, ਸੈਂਸਰਜ਼ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ, ਖੇਤੀ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਦੇ ਹੱਲ ਲਈ ਨਵੇਂ ਯੁੱਗ ਦੇ ਔਜ਼ਾਰ ਹਨ । ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਸਵੈ-ਚਾਲਿਤ ਖੇਤੀ ਵਿਧੀਆਂ ਅਪਨਾਉਣ ਤੋਂ ਪਹਿਲਾਂ ਸਥਾਨਕ ਪੱਧਰ ਦੇ ਅੰਕੜੇ ਹੋਣੇ ਜ਼ਰੂਰੀ ਹਨ ਤਾਂ ਜੋ ਇਨ੍ਹਾਂ ਅੰਕੜਿਆਂ ਦੀ ਸਹਾਇਤਾ ਨਾਲ ਖੇਤੀ ਵਿਕਾਸ ਵਿੱਚ ਨਵੇਂ ਮਸ਼ੀਨੀ ਸੁਧਾਰਾਂ ਨੂੰ ਲਾਗੂ ਕੀਤਾ ਜਾ ਸਕੇ । ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਪੀ.ਏ.ਯੂ. ਦੇ ਡੀਨ ਪੋਸਟਗ੍ਰੈਜੂਏਟ ਸਟੱਡੀਜ਼ ਡਾ. ਗੁਰਿੰਦਰ ਕੌਰ ਸਾਂਘਾ ਨੇ ਕਿਹਾ ਕਿ ਵਿਕਸਿਤ ਤਕਨਾਲੋਜੀਆਂ ਭਾਰਤੀ ਖੇਤੀ ਵਿੱਚ ਸ਼ਾਮਲ ਕਰਕੇ ਖੇਤੀ ਸੰਬੰਧੀ ਮੁਸ਼ਕਿਲਾਂ ਦਾ ਹੱਲ ਲੱਭਣਾ ਖੇਤੀ ਇੰਜਨੀਅਰਾਂ ਲਈ ਲਾਜ਼ਮੀ ਹੈ । ਉਨ੍ਹਾਂ ਨੇ ਸੁਚੱਜੀ ਖੇਤੀ ਲਈ ਹਰ ਤਰ੍ਹਾਂ ਦੀ ਨਵੀਂ ਤਕਨਾਲੋਜੀ ਨੂੰ ਬੇਹੱਦ ਸਾਵਧਾਨੀ ਨਾਲ ਅਪਣਾ ਕੇ ਖੇਤੀ ਖੇਤਰ ਨੂੰ ਹੋਰ ਵਿਕਾਸ ਵੱਲ ਲੈ ਜਾਣ ਦੀ ਗੱਲ ਕੀਤੀ । ਐਨ.ਏ.ਐੱਚ.ਈ.ਪੀ.-ਕਾਸਟ ਦੇ ਮੁੱਖ ਨਿਗਰਾਨ ਅਤੇ ਭੂਮੀ ਵਿਗਿਆਨ ਵਿਭਾਗ ਦੇ ਮੁਖੀ ਡਾ. ਓ.ਪੀ. ਚੌਧਰੀ ਅਰੰਭਿਕ ਸੈਸ਼ਨ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਕੁਦਰਤੀ ਸਰੋਤ ਪ੍ਰਬੰਧਨ ਸਕੂਲ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ । ਉਨ੍ਹਾਂ ਦੱਸਿਆ ਕਿ ਇਹ ਸਕੂਲ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਬੇਹੱਦ ਉਸਾਰੂ ਯਤਨ ਕਰ ਰਿਹਾ ਹੈ । ਨਾਲ ਹੀ ਡਾ. ਚੌਧਰੀ ਨੇ ਭੂਮੀ ਵਿਗਿਆਨ ਦੇ ਖੇਤਰ ਵਿੱਚ ਵਿਕਸਿਤ ਤਕਨਾਲੋਜੀਆਂ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ।

ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਦੇ ਮੁਖੀ ਅਤੇ ਇਸ ਅੰਤਰਰਾਸ਼ਟਰੀ ਸਿਖਲਾਈ ਦੇ ਨਿਰਦੇਸ਼ਕ ਡਾ. ਮਨਜੀਤ ਸਿੰਘ ਨੇ ਇਸ ਸਿਖਲਾਈ ਵਿੱਚ ਭਾਗ ਲੈਣ ਵਾਲੇ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ । ਉਨ੍ਹਾਂ ਦੱਸਿਆ ਕਿ ਇਸ ਸਿਖਲਾਈ ਵਿੱਚ ਸ਼ਾਮਲ ਹੋ ਰਹੇ ਅਧਿਆਪਕ, ਉਦਯੋਗਿਕ ਪ੍ਰਤੀਨਿਧੀ, ਖੋਜਾਰਥੀ ਅਤੇ ਵਿਦਿਆਰਥੀ, ਕੈਨੇਡਾ, ਦੱਖਣੀ ਕੋਰੀਆ, ਅਮਰੀਕਾ, ਕੀਨੀਆ ਅਤੇ ਭਾਰਤ ਤੋਂ ਹਨ । ਉਨ੍ਹਾਂ ਨੇ ਵੱਖ-ਵੱਖ ਬੁਲਾਰਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜੋ ਕੰਪਿਊਟਰ ਵਿਗਿਆਨ, ਬਿਜਲਈ ਵਿਗਿਆਨ, ਖੇਤੀ ਇੰਜਨੀਅਰਿੰਗ ਆਦਿ ਵਿਸ਼ਿਆਂ ਉੱਪਰ ਆਪਣੀਆਂ ਪੇਸ਼ਕਾਰੀਆਂ ਦੇਣਗੇ । ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਿਖਲਾਈ ਵਿੱਚ ਜਪਾਨ ਤੋਂ ਤੋਤੋਰੀ ਯੂਨੀਵਰਸਿਟੀ, ਕਿਯੋਤੋ ਯੂਨੀਵਰਸਿਟੀ, ਹੋਕਾਡੀਓ ਯੂਨੀਵਰਸਿਟੀ, ਅਮਰੀਕਾ ਤੋਂ ਵਾਸ਼ਿੰਗਟਨ ਸਟੇਟ ਯੂਨੀਵਰਸਿਟੀ, ਲਿੰਕਨ ਯੂਨੀਵਰਸਿਟੀ, ਨਿਊਜ਼ੀਲੈਂਡ ਤੋਂ ਟੇਲਰ ਯੂਨੀਵਰਸਿਟੀ, ਭਾਰਤ ਤੋਂ ਵੱਖ-ਵੱਖ ਆਈ.ਆਈ.ਟੀ‘ਜ਼ ਦੇ ਮਾਹਿਰ ਅਤੇ ਆਈ.ਸੀ.ਏ.ਆਰ. ਦੇ ਵੱਖ-ਵੱਖ ਮਾਹਿਰ ਇਸ ਸਿਖਲਾਈ ਵਿੱਚ ਆਪਣੇ ਅਨੁਭਵ ਸਿਖਿਆਰਥੀਆਂ ਨਾਲ ਸਾਂਝੇ ਕਰਨਗੇ । ਇਸ ਤੋਂ ਇਲਾਵਾ ਮਹਿੰਦਰ ਰਿਸਰਚ ਵੈਲੀ ਚੇਨਈ, ਗਰੀਨ ਰੋਬੋਟ ਮਸ਼ੀਨਰੀ ਬੰਗਲੌਰ ਅਤੇ ਪੀ.ਏ.ਯੂ. ਦੇ ਪ੍ਰਸਿੱਧ ਖੇਤੀ ਮਸ਼ੀਨਰੀ ਮਾਹਿਰ ਵੀ ਸਿਖਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ । ਅੰਤਰਰਾਸ਼ਟਰੀ ਸੰਪਰਕਾਂ ਦੇ ਸਹਿਯੋਗੀ ਨਿਰਦੇਸ਼ਕ ਡਾ. ਵਿਸ਼ਾਲ ਬੈਕਟਰ ਅਤੇ ਵਿਭਾਗ ਦੇ ਖੇਤੀ ਵਿਗਿਆਨੀ ਡਾ. ਅਸੀਮ ਵਰਮਾ ਜੋ ਇਸ ਸਿਖਲਾਈ ਪ੍ਰੋਗਰਾਮ ਦੇ ਸਹਿ-ਕੋਆਰਡੀਨੇਟਰ ਹਨ, ਵੀ ਇਸ ਅਰੰਭਿਕ ਸੈਸ਼ਨ ਦੌਰਾਨ ਹਾਜ਼ਰ ਸਨ ।

Technology Marketing
and IPR Cell
  © Punjab Agricultural University Disclaimer | Privacy Policy | Contact Us