ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਹੁਸ਼ਿਆਰਪੁਰ ਜ਼ਿਲ੍ਹੇ ਦੇ ਲਗਭਗ 20 ਅਧਿਕਾਰੀਆਂ ਨੇ ਪੀ.ਏ.ਯੂ. ਦੇ ਖੇਤਰੀ ਖੋਜ ਕੇਂਦਰ ਅਤੇ ਖੇਤੀਬਾੜੀ ਕਾਲਜ, ਬੱਲੋਵਾਲ ਸੌਂਖੜੀ ਦਾ ਦੌਰਾ ਕੀਤਾ। ਇਸ ਮੌਕੇ ਖੇਤੀਬਾੜੀ ਕਾਲਜ,ਬੱਲੋਵਾਲ ਸੌਂਖੜੀ ਦੇ ਡੀਨ ਡਾ. ਮਨਮੋਹਨਜੀਤ ਸਿੰਘ ਨੇ ਖੋਜ ਕੇਂਦਰ ਵਿੱਚ ਪਿਛਲੇ ਸਮੇਂ ਦੌਰਾਨ ਹੋਈਆਂ ਖੋਜਾਂ,ਚੱਲ ਰਹੇ ਖੋਜ ਕਾਰਜਾਂ ਅਤੇ ਖੇਤੀਬਾੜੀ ਕਾਲਜ ਵਿੱਚ ਦਾਖਲੇ ਸੰਬੰਧੀ ਜਾਣਕਾਰੀ ਦਿੱਤੀ। ਸਟੇਜ ਦੀ ਕਾਰਵਾਈ ਚਲਾਉਂਦਿਆਂ ਡਾ. ਗੁਰਵਿੰਦਰ ਸਿੰਘ ਪਸਾਰ ਵਿਗਿਆਨੀ ਨੇ ਖੇਤੀਬਾੜੀ ਵਿਭਾਗ ਅਤੇ ਪੀ.ਏ.ਯੂ. ਦੀ ਆਪਸੀ ਸਾਂਝ ਦਾ ਮਹੱਤਵ ਅਤੇ ਯੂਨੀਵਰਸਿਟੀ ਵੱਲੋਂ ਪਸਾਰ ਲਈ ਅਪਣਾਏ ਜਾ ਰਹੇ ਆਧੁਨਿਕ ਤਰੀਕਿਆਂ ਬਾਰੇ ਦੱਸਿਆ।
ਡਾ. ਵਿਜੇ ਕੁਮਾਰ ਨੇ ਪਿਛਲੇ ਸਮੇਂ ਦੌਰਾਨ ਪੀ.ਏ.ਯੂ. ਵੱਲੋਂ ਸਿਫਾਰਿਸ਼ ਕੀਤੀਆ ਵੱਖ-ਵੱਖ ਫਸਲਾਂ ਦੀਆ ਨਵੀਆਂ ਕਿਸਮਾਂ ਬਾਰੇ ਜਾਣਕਾਰੀ ਦਿੱਤੀ। ਖੋਜ ਕੇਂਦਰ ਦੇ ਦੌਰੇ ਦੌਰਾਨ ਡਾ. ਵਿਜੇ ਕੁਮਾਰ ਅਤੇ ਡਾ. ਬਲਵਿੰਦਰ ਸਿੰਘ ਢਿੱਲੋਂ ਨੇ ਖੇਤੀ ਤਜ਼ਰਬੇ ਦਿਖਾਏ। ਡਾ. ਅਮੀਨ ਭੱਟ ਅਤੇ ਡਾ. ਕ੍ਰਿਸ਼ਨ ਕੁਮਾਰ ਸ਼ਰਮਾ ਨੇ ਖੋਜ ਕੇਂਦਰ ਦੀਆਂ ਪ੍ਰਯੋਗਸ਼ਾਲਾਵਾਂ ਦਿਖਾਉਂਦੀਆਂ ਪ੍ਰਯੋਗਸ਼ਾਲਾਵਾਂ ਵਿੱਚ ਮੌਜੂਦ ਖੋਜ ਉਪਕਰਨਾਂ ਅਤੇ ਸੁਵਿਧਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ । |