ਪੀ.ਏ.ਯੂ. ਵਿਚ ਅੱਜ ਜੀਨੋਮ ਸੰਪਾਦਨ ਦੇ ਨਵੀਨ ਤਰੀਕੇ ਵਿਸ਼ੇ ਤੇ ਇਕ ਵਿਸ਼ੇਸ਼ ਵਰਕਸ਼ਾਪ ਦਾ ਅੱਜ ਆਰੰਭ ਹੋਇਆ| ਇਸ ਵਰਕਸ਼ਾਪ ਦੇ ਆਰੰਭਕ ਸੈਸ਼ਨ ਦੀ ਸ਼ੋਭਾ ਵਧਾਉਣ ਲਈ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਅਮਰੀਕਾ ਦੀ ਮਿਸੌਰੀ ਯੂਨੀਵਰਸਿਟੀ ਦੇ ਖੇਤੀਬਾੜੀ ਕਾਲਜ ਦੇ ਪ੍ਰੋਫੈਸਰ ਡਾ. ਬਿੰਗ ਯਾਂਗ ਮੌਜੂਦ ਸਨ| ਇਸ ਦਸ ਰੋਜ਼ਾ ਵਰਕਸ਼ਾਪ ਵਿਚ ਪੀ.ਏ.ਯੂ. ਦੇ ਉੱਚ ਅਧਿਕਾਰੀ, ਵਿਸ਼ਾ ਮਾਹਿਰ, ਸੰਬੰਧਿਤ ਵਿਗਿਆਨੀ ਅਤੇ ਵਿਦਿਆਰਥੀ ਸ਼ਾਮਿਲ ਹੋਏ|
ਇਸ ਵਰਕਸ਼ਾਪ ਨੂੰ ਪੀ.ਏ.ਯੂ. ਦੇ ਖੇਤੀ ਬਾਇਓਤਕਨਾਲੋਜੀ ਸਕੂਲ ਵਿਚ ਫੁੱਲ ਬਲਾਈਟ ਸਪੈਸ਼ਲਿਸਟ ਪ੍ਰੋਗਰਾਮ ਅਧੀਨ ਕਰਵਾਇਅ ਜਾ ਰਿਹਾ ਹੈ| ਡਾ. ਬਿੰਗ ਯਾਂਗ ਨੇ ਇਸ ਮੌਕੇ ਯਾਂਗ ਪ੍ਰਯੋਗਸ਼ਾਲਾ ਵਿਚ ਕੀਤੀ ਜਾ ਰਹੀ ਖੋਜ ਬਾਰੇ ਚਾਨਣਾ ਪਾਇਆ| ਉਹਨਾਂ ਨੇ ਇਸ ਮੌਕੇ ਫਸਲਾਂ ਦੀਆਂ ਬਿਮਾਰੀਆਂ ਦੀ ਰੋਕਥਾਮ ਲਈ ਅਪਨਾਈਆਂ ਜਾ ਰਹੀਆਂ ਨਵੀਨਤਮ ਤਕਨੀਕਾਂ ਬਾਰੇ ਗੱਲ ਕਰਦਿਆਂ ਵਿਸ਼ੇਸ਼ ਤੌਰ ਤੇ ਝੋਨੇ ਦੇ ਝੁਲਸ ਰੋਗ ਦਾ ਸਾਹਮਣਾ ਕਰਨ ਲਈ ਹੋ ਰਹੀ ਖੋਜ ਦਾ ਜ਼ਿਕਰ ਕੀਤਾ| ਨਾਲ ਹੀ ਉਹਨਾਂ ਨੇ ਜੀਨੋਮ ਸੰਪਾਦਨ ਤਕਨਾਲੋਜੀਆਂ ਦੀ ਵਰਤੋਂ ਕਰਕੇ ਨਿਰੋਗ ਫਸਲੀ ਪੌਦਿਆਂ ਦੀ ਖੋਜ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਵੀ ਗੱਲ ਕੀਤੀ|
ਇਸ ਸੰਬੰਧ ਵਿਚ ਹੋਰ ਵਿਸਥਾਰ ਦਿੰਦਿਆਂ ਡਾ. ਯਾਂਗ ਨੇ ਕਿਹਾ ਕਿ ਵਿਗਿਆਨੀਆਂ ਵੱਲੋਂ ਜੀਨੋਮਾਂ ਸੰਬੰਧੀ ਨਵੀਂ ਖੋਜ ਸਾਹਮਣੇ ਲਿਆਂਦੀ ਜਾ ਰਹੀ ਹੈ ਅਤੇ ਇਸ ਖੋਜ ਦਾ ਉਦੇਸ਼ ਬਿਮਾਰੀਆਂ ਦਾ ਸਾਹਮਣਾ ਕਰਨ ਵਾਲੀਆਂ ਅਤੇ ਆਰਥਿਕ ਤੌਰ ਤੇ ਹੋਰ ਸੁਖਾਵੀਆਂ ਕਿਸਮਾਂ ਨੂੰ ਸਾਹਮਣੇ ਲਿਆਉਣਾ ਹੈ| ਡਾ. ਯਾਂਗ ਨੇ ਇਸ ਖੇਤਰ ਨਾਲ ਸੰਬੰਧਿਤ ਸਮੱਸਿਆਵਾਂ ਬਾਰੇ ਵੀ ਚਾਨਣਾ ਪਾਇਆ ਅਤੇ ਇਸ ਦਿਸ਼ਾ ਦੇ ਸਭ ਤੋਂ ਨਵੀਨ ਖੋਜ ਤਰੀਕਿਆਂ ਦੀ ਚਰਚਾ ਵਿਸਥਾਰ ਨਾਲ ਕੀਤੀ| ਉਹਨਾਂ ਕਿਹਾ ਕਿ ਉਹਨਾਂ ਦੀ ਟੀਮ ਇਸ ਦਿਸ਼ਾ ਵਿਚ ਹੋਰ ਬਿਹਤਰ ਨਤੀਜਿਆਂ ਲਈ ਆਸਵੰਦ ਹੈ ਅਤੇ ਪੀ.ਏ.ਯੂ. ਮਾਹਿਰਾਂ ਤੋਂ ਸਹਿਯੋਗ ਲਈ ਕੋਸ਼ਿਸ਼ਾਂ ਜਾਰੀ ਹਨ|
ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਡਾ. ਯਾਂਗ ਦਾ ਧੰਨਵਾਦ ਕਰਦਿਆਂ ਇਸ ਵਰਕਸ਼ਾਪ ਦੇ ਆਯੋਜਨ ਵਿਚ ਸਹਿਯੋਗ ਲਈ ਉਹਨਾਂ ਦੀ ਪ੍ਰਸ਼ੰਸ਼ਾ ਕੀਤੀ| ਉਹਨਾਂ ਕਿਹਾ ਖੇਤੀ ਖੇਤਰ ਵਿਚ ਆ ਰਹੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਅਜਿਹੀਆਂ ਨਵੀਨ ਤਕਨਾਲੋਜੀਆਂ ਬੇਹੱਦ ਕਾਰਗਾਰ ਸਾਬਿਤ ਹੋਣਗੀਆਂ| ਵਿਸ਼ੇਸ਼ ਤੌਰ ਤੇ ਬਿਮਾਰੀਆਂ ਅਤੇ ਕੀੜਿਆਂ ਦੀ ਰੋਕਥਾਮ ਲਈ ਫਸਲ ਵਿਕਾਸ ਦੀਆਂ ਸੰਭਾਵਨਾਵਾਂ ਨੂੰ ਜੀਨੋਮ ਸੰਪਾਦਨ ਵਿਧੀਆਂ ਰਾਹੀਂ ਪ੍ਰਫੁੱਲਤ ਕਰਨਾ ਪਵੇਗਾ| ਵਾਈਸ ਚਾਂਸਲਰ ਨੇ ਕਿਹਾ ਕਿ ਇਸ ਖੇਤਰ ਵਿਚ ਨਵੀਆਂ ਬਾਇਓਤਕਨਾਲੋਜੀਕਲ ਵਿਧੀਆਂ ਦੀ ਵਰਤੋਂ ਕਰਕੇ ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ, ਜੀਨ ਪੈਮਾਇਸ਼, ਜੀਨ ਵਿਗਿਆਨ ਸਹਾਇਕ ਬਰੀਡਿੰਗ ਆਦਿ ਬਾਰੇ ਪੀ.ਏ.ਯੂ. ਵਿਚ ਫਸਲ ਵਿਕਾਸ ਤਹਿਤ ਖੋਜ ਕਾਰਜ ਜਾਰੀ ਹਨ| ਉਹਨਾਂ ਕਿਹਾ ਕਿ ਕਿਸਾਨਾਂ ਦੀ ਬਿਹਤਰੀ ਲਈ ਪੀ.ਏ.ਯੂ. ਵੱਲੋਂ ਇਸ ਦਿਸ਼ਾ ਵਿਚ ਹੋਰ ਕਾਰਜ ਕੀਤਾ ਜਾ ਰਿਹਾ ਹੈ ਅਤੇ ਸਹਿਯੋਗੀ ਸੰਸਥਾਵਾਂ ਦੀ ਸਹਾਇਤਾ ਨਾਲ ਇਹ ਯਤਨ ਲਗਾਤਾਰ ਜਾਰੀ ਰਹਿਣਗੇ|
ਪੀ.ਏ.ਯੂ. ਦੇ ਖੇਤੀ ਬਾਇਓਤਕਨਾਲੋਜੀ ਸਕੂਲ ਦੇ ਨਿਰਦੇਸ਼ਕ ਨੇ ਇਸ ਵਰਕਸ਼ਾਪ ਦੇ ਉਦੇਸ਼ ਅਤੇ ਮੰਤਵਾਂ ਉੱਪਰ ਝਾਤ ਪਵਾਈ| ਉਹਨਾਂ ਕਿਹਾ ਕਿ ਡਾ. ਬਿੰਗ ਯਾਂਗ ਦੀ ਅਗਵਾਈ ਵਿਚ ਇਹ ਵਰਕਸ਼ਾਪ ਜੀਨੋਮ ਸੰਪਾਦਨ ਦੇ ਖੋਜੀਆਂ ਲਈ ਸਿੱਖਣ ਦਾ ਇਕ ਮੌਕਾ ਮੁਹੱਈਆ ਕਰਾਏਗੀ|
ਬਾਇਓਤਕਨਾਲੋਜੀ ਦੇ ਸਹਾਇਕ ਪ੍ਰੋਫੈਸਰ ਡਾ. ਪ੍ਰੀਤੀ ਸ਼ਰਮਾ ਨੇ ਇਸ ਆਰੰਭਕ ਸੈਸ਼ਨ ਦਾ ਸੰਚਾਲਨ ਕੀਤਾ| ਅੰਤ ਵਿਚ ਉਹਨਾਂ ਨੇ ਵਰਕਸ਼ਾਪ ਦੀ ਸਫਲਤਾ ਦੀ ਕਾਮਨਾ ਕਰਦਿਆਂ ਸਾਰੀਆਂ ਧਿਰਾਂ ਦੇ ਸਹਿਯੋਗ ਦੀ ਆਸ ਪ੍ਰਗਟ ਕੀਤੀ|
|