Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਨੇ ਪਿੰਡ ਹਰਿਆਊ ਅਤੇ ਬੁਗਰਾ ਵਿਖੇ ਸਰਫੇਸ ਸੀਡਿੰਗ ਤਕਨੀਕ ਬਾਰੇ ਕਿਸਾਨ ਜਾਗਰੂਕਤਾ ਕੈਂਪ ਲਾਏ
11-09-2023

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਵੱਲੋਂ ਨਿਰਦੇਸ਼ਕ ਪਸਾਰ ਸਿੱਖਿਆ, ਪੀ ਏ ਯੂ, ਲੁਧਿਆਣਾ ਅਤੇ ਡਿਪਟੀ ਕਮਿਸ਼ਨਰ, ਸੰਗਰੂਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਝੋਨੇ ਦੀ ਪਰਾਲੀ ਦੀ ਖੇਤ ਵਿੱਚ ਹੀ ਸੰਭਾਲ ਕਰਕੇ ਕਣਕ ਦੀ ਬਿਜਾਈ ਕਰਨ ਲਈ ਸਰਫੇਸ ਸੀਡਰ ਮਸ਼ੀਨ ਬਾਰੇ ਜਾਣਕਾਰੀ ਦੇਣ ਲਈ ਪਿੰਡ ਹਰਿਆਊ ਅਤੇ ਬੂਗਰਾ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ 100 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ। ਇਸ ਮੌਕੇ ਸੰਬੋਧਨ ਕਰਦਿਆਂ ਡਾ ਮਨਦੀਪ ਸਿੰਘ, ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ), ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੀ ਸੰਭਾਲ ਲਈ ਪ੍ਰੇਰਿਤ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਨਵੀਂ ਵਿਕਸਤ ਕੀਤੀ ਗਈ ਸਰਫੇਸ ਸੀਡਿੰਗ ਤਕਨੀਕ ਅਪਨਾਉਣ ਦੀ ਸਲਾਹ ਦਿੱਤੀ । ਉਹਨਾਂ ਦੱਸਿਆ ਕਿ ਕਿਸਾਨਾਂ ਵੱਲੋਂ ਝੋਨੇ ਦੀ ਕਟਾਈ ਤੋਂ ਬਾਅਦ ਕਣਕ ਦੇ ਬੀਜ ਅਤੇ ਡੀ ਏ ਪੀ ਖਾਦ ਦਾ ਛੱਟਾ ਦੇ ਕੇ ਕਟਰ ਮਾਰਨ ਤੋਂ ਬਾਅਦ ਪਾਣੀ ਲਾ ਕੇ ਬੀਜੀ ਜਾਂਦੀ ਪ੍ਰੀਕਿਰਿਆ ਦਾ ਮਸ਼ੀਨੀਕਰਨ ਕਰਨ ਲਈ ਸਰਫੇਸ ਸੀਡਰ ਮਸ਼ੀਨ ਤਿਆਰ ਕੀਤੀ ਗਈ ਹੈ । ਜਿਸ ਨਾਲ ਝੋਨੇ ਦੀ ਪਰਾਲੀ ਨੂੰ ਬਿਨਾ ਅੱਗ ਲਗਾਏ ਅਤੇ ਬਿਨਾ ਖੇਤ ਵਾਹੇ ਕਣਕ ਦੀ ਸੌਖੀ ਅਤੇ ਸਸਤੇ ਤਰੀਕੇ ਨਾਲ ਬਿਜਾਈ ਕੀਤੀ ਜਾ ਸਕਦੀ ਹੈ। ਉਹਨਾਂ ਦੱਸਿਆ ਕਿ ਸਰਫੇਸ ਸੀਡਰ ਮਸ਼ੀਨ 45 ਹਾਰਸ ਪਾਵਰ ਦੇ ਟਰੈਕਟਰ ਨਾਲ ਚੱਲ ਸਕਦੀ ਹੈ ਅਤੇ ਇੱਕ ਘੰਟੇ ਵਿੱਚ 1.5 ਏਕੜ ਵਿੱਚ ਕਣਕ ਦੀ ਬਿਜਾਈ ਕਰ ਦਿੰਦੀ ਹੈ। ਡਾ ਮਨਦੀਪ ਸਿੰਘ ਨੇ ਦੱਸਿਆ ਕਿ ਸਰਫੇਸ ਸੀਡਰ ਮਸ਼ੀਨ ਉੱਤੇ ਪੰਜਾਬ ਸਰਕਾਰ ਵੱਲੋਂ ਸਬਸਿਡੀ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਜਿਸ ਲਈ ਕਿਸਾਨ ਵੀਰ, ਸਹਿਕਾਰੀ ਸਭਾਵਾਂ, ਪੰਚਾਇਤਾਂ, ਐੱਫ ਪੀ ਉ ਅਤੇ ਕਸਟਮ ਹਾਇਰਿੰਗ ਸੈਂਟਰ 10 ਸਤੰਬਰ, 2023 ਤੱਕ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਹਿਯੋਗ ਨਾਲ ਆਨਲਾਈਨ ਪੋਰਟਲ ਉੱਤੇ ਅਪਲਾਈ ਕਰ ਸਕਦੇ ਹਨ। ਇਸ ਤੋਂ ਇਲਾਵਾ ਉਹਨਾਂ ਝੋਨੇ, ਬਾਸਮਤੀ ਅਤੇ ਨਰਮੇ ਵਿੱਚ ਖੇਤੀ ਰਸਾਇਣਾਂ ਦੀ ਸੁਚੱਜੀ ਵਰਤੋਂ ਅਤੇ ਪੀ ਏ ਯੂ, ਲੁਧਿਆਣਾ ਵੱਲੋਂ ਸਤੰਬਰ ਮਹੀਨੇ ਦੌਰਾਨ ਲਗਾਏ ਜਾ ਰਹੇ ਕਿਸਾਨ ਮੇਲਿਆਂ ਬਾਰੇ ਵੀ ਜਾਣਕਾਰੀ ਦਿੱਤੀ। ਡਾ ਸੁਨੀਲ ਕੁਮਾਰ, ਸਹਾਇਕ ਪ੍ਰੋਫੈਸਰ (ਖੇਤੀਬਾੜੀ ਇੰਜੀਨੀਅਰਿੰਗ) ਨੇ ਪਰਾਲੀ ਦੀ ਸੰਭਾਲ ਲਈ ਹਰ ਤਰ੍ਹਾਂ ਦੀ ਖੇਤੀ ਮਸ਼ੀਨਰੀ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨਵੀਂ ਮਸ਼ੀਨ ਸਰਫੇਸ ਸੀਡਰ ਦੀ ਖਾਸੀਅਤ ਅਤੇ ਇਸ ਦੀ ਸਹੀ ਵਰਤੋਂ ਅਤੇ ਸਾਵਧਾਨੀਆਂ ਬਾਰੇ ਵੀ ਵਿਸਥਾਰ ਵਿੱਚ ਦੱਸਿਆ। ਡਾ ਬੂਟਾ ਸਿੰਘ ਰੋਮਾਣਾ, ਸੀਨੀਅਰ ਪਸਾਰ ਵਿਗਿਆਨੀ (ਸੇਵਾ ਮੁਕਤ) ਨੇ ਕਿਸਾਨਾਂ ਨੂੰ ਪੀ ਏ ਯੂ ਦੇ ਮਾਹਿਰਾਂ ਨਾਲ ਲਗਾਤਾਰ ਰਾਬਤਾ ਬਣਾਈ ਰੱਖਣ ਲਈ ਕਿਹਾ ਤਾਂ ਜੋ ਸਮੇਂ ਸਿਰ ਨਵੀਆਂ ਖੋਜਾਂ ਦੀ ਜਾਣਕਾਰੀ ਅਤੇ ਲਾਭ ਲਿਆ ਜਾ ਸਕੇ। ਅਖੀਰ ਵਿੱਚ ਕਿਸਾਨਾਂ ਨੂੰ ਨਾਲ ਲੈ ਕੇ ਬਾਸਮਤੀ ਅਤੇ ਨਰਮੇ ਦੇ ਖੇਤਾਂ ਦਾ ਨਿਰੀਖਣ ਕੀਤਾ ਗਿਆ ਅਤੇ ਪੱਤਾ ਲਪੇਟ ਸੁੰਡੀ ਅਤੇ ਗੋਭ ਦੀ ਸੁੰਡੀ ਦੀ ਰੋਕਥਾਮ ਲਈ ਲੋੜ ਮੁਤਾਬਕ ਸੁਝਾਅ ਦਿੱਤੇ ਗਏ। ਇਸ ਕੈਂਪ ਮੌਕੇ ਕਿਸਾਨਾਂ ਨੂੰ ਖੇਤੀ ਸਾਹਿਤ ਅਤੇ ਸਬਜ਼ੀਆਂ ਦੇ ਬੀਜਾਂ ਦੀਆਂ ਕਿੱਟਾਂ ਵੀ ਮੁਹੱਈਆ ਕਰਵਾਈਆਂ ਗਈਆਂ।

Technology Marketing
and IPR Cell
  © Punjab Agricultural University Disclaimer | Privacy Policy | Contact Us