Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਪੀਏਯੂ - ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਨੇ ਸਰਫੇਸ ਸੀਡਰ ਨਾਲ ਬੀਜੀ ਕਣਕ 'ਤੇ ਖੇਤ ਦਿਵਸ ਮਨਾਇਆ
15-04-2024

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਸ. ਜਸਵੰਤ ਸਿੰਘ ਖਹਿਰਾ, ਸਕੱਤਰ, ਅਕਾਲ ਕਾਲਜ ਕੌਂਸਲ, ਮਸਤੂਆਣਾ ਸਾਹਿਬ ਦੇ ਦਿਸ਼ਾ- ਨਿਰਦੇਸ਼ਾਂ ਹੇਠ ਚੱਲ ਰਹੇ ਅਕਾਲ ਬੀਜ ਫਾਰਮ ਉੱਤੇ ਸਰਫੇਸ ਸੀਡਰ ਨਾਲ ਬੀਜੀ ਗਈ ਕਣਕ ਦੇ ਪ੍ਰਦਰਸ਼ਨੀ ਖੇਤ ਉੱਤੇ ਫਸਲ ਦੀ ਵਾਢੀ ਤੋਂ ਪਹਿਲਾਂ ਖੇਤ ਦਿਵਸ ਦਾ ਆਯੋਜਨ ਕੀਤਾ। ਜਿਸ ਵਿੱਚ ਦੁੱਗਾਂ, ਬਹਾਦਰਪੁਰ ਅਤੇ ਚੰਗਾਲ ਦੇ ਕਰੀਬ 50 ਕਿਸਾਨਾਂ ਨੇ ਭਾਗ ਲਿਆ। ਇਸ ਮੋਕੇ ਡਾ. ਮਨਦੀਪ ਸਿੰਘ, ਸਹਿਯੋਗੀ ਨਿਰਦੇਸ਼ਕ (ਸਿਖਲਾਈ), ਕੇ.ਵੀ.ਕੇ., ਸੰਗਰੂਰ ਨੇ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਸੰਭਾਲਦਿਆਂ ਕਣਕ ਦੀ ਬਿਜਾਈ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਿਫਾਰਸ਼ ਕੀਤੀਆਂ ਤਕਨੀਕਾਂ ਖਾਸ ਤੌਰ 'ਤੇ ਸਰਫੇਸ ਸੀਡਰ ਤਕਨੀਕ ਦੇ ਫਾਇਦਿਆਂ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਸਾਨਾਂ ਨੂੰ ਜਾਗਰੂਕ ਕੀਤਾ। ਉਨ੍ਹਾਂ ਨੇ ਕਿਸਾਨਾਂ ਨੂੰ ਪਰਾਲੀ ਨੂੰ ਨਾ ਸਾੜ ਕੇ ਜ਼ਮੀਨ ਦੇ ਉਪਜਾਊ ਤੱਤ ਬਚਾਉਣ ਦੀ ਸਲਾਹ ਵੀ ਦਿੱਤੀ। ਡਾ. ਸੁਨੀਲ ਕੁਮਾਰ, ਸਹਾਇਕ ਪ੍ਰੋਫੈਸਰ (ਖੇਤੀਬਾੜੀ ਇੰਜੀਨੀਅਰਿੰਗ) ਨੇ ਕਿਸਾਨਾਂ ਨੂੰ ਸਰਫੇਸ ਸੀਡਰ ਮਸ਼ੀਨ ਦੀ ਵਰਤੋਂ ਦੇ ਨਾਲ-ਨਾਲ ਇਸ ਮਸ਼ੀਨ ਨੂੰ ਖੇਤ ਵਿੱਚ ਚਲਾਉਣ ਸਮੇਂ ਧਿਆਨ ਰੱਖਣ ਯੋਗ ਸਾਵਧਾਨੀਆਂ ਬਾਰੇ ਜਾਣੂ ਕਰਵਾਇਆ। ਉਹਨਾਂ ਦੱਸਿਆ ਕਿ ਸਰਫ਼ੇਸ ਸੀਡਰ ਨਾਲ ਬੀਜੀ ਕਣਕ ਦੀਆਂ ਜੜ੍ਹਾਂ ਦੀ ਜ਼ਮੀਨ ਵਿੱਚ ਪਕੜ ਜ਼ਿਆਦਾ ਹੋਣ ਕਰਕੇ ਇਸ ਤਕਨੀਕ ਨਾਲ ਬੀਜੀ ਗਈ ਕਣਕ ਡਿੱਗਦੀ ਨਹੀਂ। ਡਾ. ਰੁਕਿੰਦਰ ਪ੍ਰੀਤ ਸਿੰਘ ਧਾਲੀਵਾਲ, ਸਹਾਇਕ ਪ੍ਰੋਫੈਸਰ (ਫ਼ਸਲ ਵਿਗਿਆਨ) ਨੇ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਵਾਲੇ ਖੇਤਾਂ ਵਿੱਚ ਨਦੀਨਾਂ, ਪੌਸ਼ਕ ਤੱਤਾਂ ਅਤੇ ਸਿੰਚਾਈ ਪ੍ਰਬੰਧ ਬਾਰੇ ਚਾਨਣਾ ਪਾਇਆ। ਡਾ. ਗੁਰਬੀਰ ਸਿੰਘ ਸੋਹੀ, ਡਾਇਰੈਕਟਰ, ਗੁਰਮਤਿ ਕਾਲਜ ਅਤੇ ਸਲਾਹਕਾਰ ਅਕਾਲ ਕਾਲਜ ਕੌਂਸਲ, ਮਸਤੂਆਣਾ ਸਾਹਿਬ ਨੇ ਹਾਜ਼ਰ ਕਿਸਾਨਾਂ ਨੂੰ ਸਰਫੇਸ ਸੀਡਰ ਤਕਨੀਕ ਅਪਣਾਉਣ ਦੀ ਅਪੀਲ ਕੀਤੀ। ਸ. ਹਾਕਮ ਸਿੰਘ ਗਿੱਲ, ਮੈਨੇਜਰ, ਅਕਾਲ ਬੀਜ ਫਾਰਮ, ਮਸਤੂਆਣਾ ਸਾਹਿਬ ਨੇ ਦੱਸਿਆ ਕਿ ਸਰਫੇਸ ਸੀਡਰ ਨਾਲ ਬੀਜੀ ਗਈ ਕਣਕ ਵਿੱਚ ਕੋਈ ਵੀ ਨਦੀਨਨਾਸ਼ਕ ਦਵਾਈ ਨਹੀਂ ਵਰਤੀ ਗਈ। ਉਹਨਾਂ ਕਿਹਾ ਕਿ ਝੋਨੇ ਦੇ ਪਰਾਲੀ ਵਾਲੇ ਖੇਤ ਵਿੱਚ ਕਣਕ ਦੀ ਬਿਜਾਈ ਲਈ ਸਰਫੇਸ ਸੀਡਰ ਸਭ ਤੋਂ ਕਿਫਾਇਤੀ ਤਕਨੀਕ ਹੈ। ਇਸ ਮੌਕੇ ਕਿਸਾਨਾਂ ਵੱਲੋਂ ਸਰਫੇਸ ਸੀਡਰ ਵਾਲੀ ਕਣਕ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ ਗਏ। ਅਖੀਰ ਵਿੱਚ ਸਰਫੇਸ ਸੀਡਰ ਦੇ ਨਾਲ ਬੀਜੀ ਕਣਕ ਦੇ ਪ੍ਰਦਰਸ਼ਨੀ ਖੇਤ ਦਾ ਮੁਆਇਨਾ ਕੀਤਾ ਗਿਆ। ਜਿਸ ਨੂੰ ਸਮੂਹ ਕਿਸਾਨਾਂ ਵੱਲੋਂ ਪਸੰਦ ਕੀਤਾ ਗਿਆ ਅਤੇ ਅਗਲੇ ਸਾਲ ਇਸ ਤਰੀਕੇ ਨਾਲ ਕਣਕ ਬੀਜਣ ਬਾਰੇ ਇਰਾਦਾ ਜ਼ਾਹਿਰ ਕੀਤਾ ਗਿਆ। ਸ. ਜਸਪ੍ਰੀਤ ਸਿੰਘ, ਪ੍ਰੋਫੈਸਰ, ਅਕਾਲ ਡਿਗਰੀ ਕਾਲਜ, ਮਸਤੂਆਣਾ ਸਾਹਿਬ ਨੇ ਵੀ ਸਰਫੇਸ ਸੀਡਰ ਤਕਨੀਕ ਬਾਰੇ ਆਪਣੇ ਵਿਚਾਰ ਰੱਖੇ ਅਤੇ ਆਏ ਮਾਹਿਰਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ।

Technology Marketing
and IPR Cell
  © Punjab Agricultural University Disclaimer | Privacy Policy | Contact Us