Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਵੱਲੋਂ ਆਈ.ਟੀ.ਬੀ.ਪੀ. ਦੇ ਅਧਿਕਾਰੀਆਂ ਅਤੇ ਜਵਾਨਾਂ ਲਈ ਮਧੂਮੱਖੀ ਪਾਲਣ ਬਾਰੇ ਕਿੱਤਾ- ਮੁਖੀ ਸਿਖਲਾਈ ਕੋਰਸ ਕਰਵਾਇਆ ਗਿਆ
30-04-2024

ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਵੱਲੋਂ ਮਿਤੀ 24.04.2024 ਤੋਂ 30.04.2024 ਤੱਕ ਮਧੂਮੱਖੀ ਪਾਲਣ ਦੇ ਧੰਦੇ ਨੂੰ ਪ੍ਰਫੁਲਿਤ ਕਰਨ ਬਾਰੇ ਇੱਕ ਪੰਜ-ਰੋਜ਼ਾ ਸਿਖਲਾਈ ਕੋਰਸ ਆਯੋਜਿਤ ਕੀਤਾ ਗਿਆ। ਇਹ ਸਿਖਲਾਈ ਕੋਰਸ ਵਿਸ਼ੇਸ਼ ਤੌਰ ਤੇ ਇੰਡੋ ਤਿੱਬਤੀ ਬਾਰਡਰ ਪੁਲਿਸ (ਆਈ.ਟੀ.ਬੀ.ਪੀ.) ਦੇ ਅਧਿਕਾਰੀਆਂ ਅਤੇ ਜਵਾਨਾਂ ਲਈ ਕਰਵਾਇਆ ਗਿਆ, ਤਾਂ ਕਿ ਭਾਰਤ ਸਰਕਾਰ ਦੇ ਆਦੇਸ਼ ਅਨੁਸਾਰ ਆਈ.ਟੀ.ਬੀ.ਪੀ. ਕੈਂਪ ਵਿਚ ਮਧੂਮੱਖੀ ਪਾਲਣ ਦਾ ਕੰਮ ਸ਼ੁਰੂ ਕਰਵਾਇਆ ਜਾ ਸਕੇ ਅਤੇ ਫੋਰਸ ਦੇ ਅਧਿਕਾਰੀਆਂ ਅਤੇ ਜਵਾਨਾਂ ਦੀ ਸਿਹਤ ਬਰਕਰਾਰ ਰੱਖਣ ਲਈ ਉਨ੍ਹਾਂ ਨੂੰ ਸ਼ੁੱਧ ਸ਼ਹਿਦ ਉਪਲੱਬਧ ਕਰਵਾਇਆ ਜਾ ਸਕੇ। ਇਸ ਟਰੇਨਿੰਗ ਵਿਚ ਇੰਡੋ ਤਿੱਬਤੀ ਬਾਰਡਰ ਪੁਲਿਸ ਦੇ 30 ਅਧਿਕਾਰੀਆਂ ਅਤੇ ਜਵਾਨਾਂ ਨੇ ਹਿੱਸਾ ਲਿਆ। ਸਿਖਲਾਈ ਦੇ ਕੋਰਸ ਕੁਆਰਡੀਨੇਟਰ ਡਾ. ਹਰਦੀਪ ਸਿੰਘ ਸਭਿਖੀ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਨੇ ਜਾਣਕਾਰੀ ਦਿੱਤੀ ਕਿ ਮਧੂਮੱਖੀ ਪਾਲਣ ਇਕ ਅਜਿਹਾ ਲਾਹੇਵੰਦ ਧੰਦਾ ਹੈ ਜਿਸ ਨੂੰ ਘੱਟ ਖਰਚੇ ਨਾਲ ਸ਼ੁਰੂ ਕਰਕੇ ਜਲਦੀ ਆਮਦਨ ਕਮਾਈ ਜਾ ਸਕਦੀ ਹੈ। ਇਸ ਧੰਦੇ ਲਈ ਜ਼ਿਆਦਾ ਸਮਾਂ ਜਾ ਮਿਹਨਤ ਦੀ ਜ਼ਰੂਰਤ ਨਾ ਹੋਣ ਕਰਕੇ ਇਸ ਨੂੰ ਪੁਲਿਸ ਫੋਰਸ ਦੇ ਜਵਾਨ ਆਪਣੀ ਡਿਉਟੀ ਦੇ ਨਾਲ-ਨਾਲ ਵੀ ਅਸਾਨੀ ਨਾਲ ਕਰ ਸਕਦੇ ਹਨ। ਇਸ ਸਿਖਲਾਈ ਕੋਰਸ ਵਿਚ ਡਾ. ਗੁਰਉਪਦੇਸ਼ ਕੌਰ, ਇੰਚਾਰਜ, ਕੇ.ਵੀ.ਕੇ., ਪਟਿਆਲਾ ਨੇ ਆਏ ਹੋਏ ਜਵਾਨਾਂ ਨੂੰ ਚੰਗੀ ਸਿਹਤ ਬਰਕਰਾਰ ਰੱਖਣ ਲਈ ਸ਼ਹਿਦ ਦੀ ਭੂਮਿਕਾ ਬਾਰੇ ਦੱਸਦਿਆਂ ਹੋਇਆ ਇਸ ਨੂੰ ਆਪਣੀ ਰੋਜ਼ਾਨਾ ਖੁਰਾਕ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ ਅਤੇ ਜੰਮੇ ਹੋਏ ਸ਼ਹਿਦ ਦੀ ਗੁਣਵੱਤਾ ਬਾਰੇ ਚਾਨਣਾ ਪਾਇਆ। ਡਾ. ਰਚਨਾ ਸਿੰਗਲਾ, ਪ੍ਰੋਫੈਸਰ (ਬਾਗਬਾਨੀ) ਨੇ ਮਧੂਮੱਖੀਆਂ ਲਈ ਲੋੜੀਂਦੇ ਫੁੱਲ-ਫਲਾਕੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਡਾ. ਗੁਰਪ੍ਰੀਤ ਸਿੰਘ, ਸਹਾਇਕ ਪ੍ਰੋਫੈਸਰ (ਫਸਲ ਵਿਗਿਆਨ) ਨੇ ਜਵਾਨਾਂ ਨਾਲ ਆਰਗੈਨਿਕ ਸ਼ਹਿਦ ਤਿਆਰ ਕਰਨ ਦੇ ਨੁਕਤੇ ਸਾਂਝੇ ਕੀਤੇ। ਡਾ. ਰਜਨੀ ਗੋਇਲ, ਪ੍ਰੋਫੈਸਰ (ਭੋਜਨ ਵਿਗਿਆਨ) ਨੇ ਸ਼ਹਿਦ ਦੀ ਪ੍ਰੋਸੈਸਿੰਗ, ਪੈਕਿੰਗ ਅਤੇ ਲੇਬਲਿੰਗ ਦੀ ਤਕਨੀਕ ਬਾਰੇ ਸਿਖਲਾਈ ਦਿੱਤੀ। ਇਸ ਟਰੇਨਿੰਗ ਵਿਚ ਡਾ. ਜੀ.ਪੀ.ਐਸ. ਸੋਢੀ, ਵਧੀਕ ਨਿਰਦੇਸ਼ਕ (ਪਸਾਰ ਸਿਖਿਆ), ਪੀ.ਏ.ਯੂ., ਲੁਧਿਆਣਾ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਅਤੇ ਆਈ.ਟੀ.ਬੀ.ਪੀ. ਦੇ ਅਧਿਕਾਰੀਆਂ ਅਤੇ ਜਵਾਨਾਂ ਵੱਲੋਂ ਦੇਸ਼ ਦੀ ਸੁਰੱਖਿਆ ਕਰਨ ਵਿਚ ਪਾਏ ਜਾਂਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਮਧੂਮੱਖੀ ਪਾਲਣ ਦੁਆਰਾ ਭਾਰਤ ਦੀ ਪੌਸ਼ਣ ਸੁਰੱਖਿਆ ਵਿਚ ਵੀ ਹਿੱਸਾ ਪਾਉਣ ਲਈ ਪ੍ਰੇਰਿਤ ਕੀਤਾ। ਸਿਖਲਾਈ ਵਿਚ ਭਾਗ ਲੈਣ ਵਾਲੇ ਸਿਖਿਆਰਥੀਆਂ ਨੇ ਕੇ.ਵੀ.ਕੇ. ਸੈਂਟਰ ਦੇ ਮਧੂਮੱਖੀ ਪਾਲਣ ਦੇ ਪ੍ਰਦਰਸ਼ਨੀ ਯੂਨਿਟ ਵਿਖੇ ਆਪਣੇ ਹੱਥੀ ਮੱਧੂਮੱਖੀ ਪਾਲਣ ਦੀਆਂ ਬਰੀਕੀਆਂ ਨੂੰ ਸਿਖਿਆ। ਇਸ ਦੇ ਨਾਲ-ਨਾਲ ਆਈ.ਟੀ.ਬੀ.ਪੀ. ਦੇ ਅਧਿਕਾਰੀ ਸ੍ਰੀ ਰਾਕੇਸ਼ ਕੁਮਾਰ ਨੇ ਕੇ.ਵੀ.ਕੇ. ਸਟਾਫ ਵੱਲੋਂ ਮਧੂਮੱਖੀ ਪਾਲਣ ਦੀ ਸਿਖਲਾਈ ਲਈ ਕੀਤੀ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਧੰਨਵਾਦ ਕੀਤਾ।

Technology Marketing
and IPR Cell
  © Punjab Agricultural University Disclaimer | Privacy Policy | Contact Us